ਖਰੜ ਤੇ ਮੁਹਾਲੀ ਦੀਆਂ ਸੜਕਾਂ ’ਤੇ ਮਕੈਨੀਕਲ ਸਵੀਪਿੰਗ ਮਸ਼ੀਨਾਂ ਦਾ ਟਰਾਇਲ
ਸ਼ਸ਼ੀ ਪਾਲ ਜੈਨ
ਖਰੜ, 24 ਜੂਨ
ਖਰੜ ਦੀਆਂ ਸੜਕਾਂ ’ਤੇ ਅੱਜ ਮਕੈਨੀਕਲ ਸਵੀਪਿੰਗ ਮਸ਼ੀਨਾਂ ਦੇ ਟਰਾਇਲ ਰਨ ਕਰਵਾਇਆ ਗਿਆ, ਜਿਸ ਦਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਜਾਇਜ਼ਾ ਲਿਆ। ਇਸ ਮੌਕੇ ਡਾ. ਰਵਜੋਤ ਨੇ ਕਿਹਾ ਕਿ ਸਾਫ-ਸੁਥਰੇ ਅਤੇ ਹਰੇ-ਭਰੇ ਪੰਜਾਬ ਪ੍ਰਤੀ ਆਪਣੀ ਵਚਨਬੱਧਤਾ ਨੂੰ ਜਾਰੀ ਰੱਖਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਰਾਜ ਦੀਆਂ ਸਾਰੀਆਂ ਨਗਰ ਕੌਂਸਲਾਂ/ ਨਿਗਮਾਂ (ਐਮ.ਸੀ.) ’ਚ ਮਕੈਨੀਕਲ ਸਵੀਪਿੰਗ ਲਾਗੂ ਕਰਨ ‘ਤੇ ਸਰਗਰਮੀ ਨਾਲ ਵਿਚਾਰ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ ਮਕੈਨੀਕਲ ਸਵੀਪਿੰਗ ਦਾ ਉਦੇਸ਼ ਸ਼ਹਿਰਾਂ ਦੀਆਂ ਉਨ੍ਹਾਂ ਮੁੱਖ ਸੜਕਾਂ ਦੀ ਕੁਸ਼ਲ ਅਤੇ ਪ੍ਰਭਾਵਸ਼ਾਲੀ ਢੰਗ ਸਫ਼ਾਈ ਨੂੰ ਯਕੀਨੀ ਬਣਾਉਣਾ ਹੈ ਜਿੱਥੇ ਅਜਿਹੀਆਂ ਮਸ਼ੀਨਾਂ ਅਸਾਨੀ ਨਾਲ ਜਾ ਸਕਦੀਆਂ ਹਨ।
ਮੁਹਾਲੀ (ਖੇਤਰੀ ਪ੍ਰਤੀਨਿਧ): ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ ਰਵਜੋਤ ਸਿੰਘ ਨੇ ਅੱਜ ਮੁਹਾਲੀ ਦੇ ਸੈਕਟਰ 76-77 ਵਿਖੇ ਵੀ ਸੜਕਾਂ ਅਤੇ ਗਲੀਆਂ ਦੀਆਂ ਸਫ਼ਾਈ ਲਈ ਆਰੰਭੀ ਮਕੈਨੀਕਲ ਸਵੀਪਿੰਗ ਦੇ ਟਰਾਇਲ ਦਾ ਨਿਰੀਖ਼ਣ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਮਕੈਨੀਕਲ ਸਵੀਪਿੰਗ ਦਾ ਉਦੇਸ਼ ਸੜਕਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਸਫ਼ਾਈ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਦੋ ਤਰਾਂ ਦੀਆਂ ਮਸ਼ੀਨਾਂ ਦੀ ਵਰਤੋਂ ਹੋਵੇਗੀ, ਜਿਸ ਨਾਲ ਵੱਡੀਆਂ ਤੇ ਚੌੜੀਆਂ ਸੜਕਾਂ ਦੇ ਨਾਲ ਨਾਲ ਛੋਟੀਆਂ ਗਲੀਆਂ ਵਿਚ ਛੋਟੀਆਂ ਮਸ਼ੀਨਾਂ ਦੀ ਸੁਚੱਜੀ ਸਫ਼ਾਈ ਲਈ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੁਝ ਪ੍ਰਮੁੱਖ ਨਗਰ ਨਿਗਮਾਂ ਵਿੱਚ ਮਕੈਨੀਕਲ ਸਵੀਪਿੰਗ ਪਹਿਲਾਂ ਹੀ ਚੱਲ ਰਹੀ ਹੈ ਅਤੇ ਜਲਦੀ ਹੀ ਇਸਨੂੰ ਹੋਰ ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚ ਵੀ ਸੁੰਦਰੀਕਰਨ ਯਤਨਾਂ ਦੇ ਹਿੱਸੇ ਵਜੋਂ ਵਧਾਇਆ ਜਾਵੇਗਾ।