ਹੋਰ ਭਾਸ਼ਾ ਵਿੱਚ ਉਰਦੂ ਸਾਹਿਤ ਦਾ ਅਨੁਵਾਦ ਗ਼ਾਲਿਬ ਤੋਂ ਬਿਨਾਂ ਅਧੂਰਾ: ਅੱਬਾਸ
ਕੁਲਦੀਪ ਸਿੰਘ
ਚੰਡੀਗੜ੍ਹ, 5 ਫਰਵਰੀ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉਰਦੂ ਵਿਭਾਗ ਵਿਖੇ ‘ਗ਼ਾਲਿਬ, ਸੌਦਾ ਅਤੇ ਮੰਟੋ ਦਾ ਫਰਾਂਸੀਸੀ ਵਿੱਚ ਅਨੁਵਾਦ’ ਵਿਸ਼ੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਮਹਿਮਾਨਾਂ ਦਾ ਸਵਾਗਤ ਕਰਦਿਆਂ ਉਰਦੂ ਵਿਭਾਗ ਦੇ ਚੇਅਰਮੈਨ ਡਾ. ਅਲੀ ਅੱਬਾਸ ਨੇ ਕਿਹਾ ਕਿ ਕਿਸੇ ਵੀ ਭਾਸ਼ਾ ਵਿੱਚ ਉਰਦੂ ਕਵਿਤਾ ਅਤੇ ਸਾਹਿਤ ਦਾ ਅਨੁਵਾਦ ਗ਼ਾਲਿਬ ਤੋਂ ਬਿਨਾਂ ਅਧੂਰਾ ਰਹੇਗਾ। ਉਨ੍ਹਾਂ ਅੱਗੇ ਕਿਹਾ ਕਿ ਗ਼ਾਲਿਬ ਤੋਂ ਪਹਿਲਾਂ ਦੀ ਉਰਦੂ ਕਵਿਤਾ ਅਤੇ ਨਾ ਹੀ ਉਨ੍ਹਾਂ ਤੋਂ ਬਾਅਦ ਦੀ ਉਰਦੂ ਕਵਿਤਾ ਉਨ੍ਹਾਂ ਤੋਂ ਬਿਨਾਂ ਪ੍ਰਗਟਾਵੇ ਦੀ ਵਿਸ਼ਾਲਤਾ ਅਤੇ ਅਰਥ ਦੀ ਦੁਨੀਆ ਤੱਕ ਪਹੁੰਚ ਸਕਦੀ ਸੀ। ਸਮਾਗਮ ਵਿੱਚ ਪੈਰਿਸ ਯੂਨੀਵਰਸਿਟੀ (ਫਰਾਂਸ) ਦੇ ਪ੍ਰਸਿੱਧ ਲੇਖਕ, ਖੋਜਕਰਤਾ ਅਤੇ ਅਨੁਵਾਦਕ ਪ੍ਰੋਫੈਸਰ ਐਲਨ ਡੈਸੋਲੀਅਰਜ਼ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਸਾਹਿਤ ਦੀ ਸੰਪੂਰਨਤਾ ਕਵਿਤਾ, ਚਿੱਤਰਕਾਰੀ ਅਤੇ ਸੂਫ਼ੀਵਾਦ ਤੋਂ ਬਿਨਾਂ ਸੰਭਵ ਨਹੀਂ ਹੈ।
ਮੰਟੋ ਬਾਰੇ ਗੱਲ ਕਰਦਿਆਂ ਪ੍ਰੋਫੈਸਰ ਐਲਨ ਨੇ ਕਿਹਾ ਕਿ ਉਨ੍ਹਾਂ ਨੇ ਮੰਟੋ ਦੀਆਂ 40 ਤੋਂ ਵੱਧ ਕਹਾਣੀਆਂ ਦਾ ਫਰਾਂਸੀਸੀ ਵਿੱਚ ਅਨੁਵਾਦ ਕਰਕੇ ਲੋਕਾਂ ਨੂੰ ਉਰਦੂ ਭਾਸ਼ਾ ਅਤੇ ਸਾਹਿਤ ਦੇ ਨੇੜੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ।
ਜੰਮੂ ਯੂਨੀਵਰਸਿਟੀ, ਜੰਮੂ ਦੇ ਉਰਦੂ ਵਿਭਾਗ ਤੋਂ ਡਾ. ਅਬਦੁਲ ਰਾਸ਼ਿਦ ਮਨਹਾਸ ਨੇ ਵੀ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਆਪਣੇ ਵਿਚਾਰ ਪ੍ਰਗਟ ਕੀਤੇ। ਫਰਾਂਸੀਸੀ ਵਿਭਾਗ ਤੋਂ ਡਾ. ਆਲੋਕ ਨੇ ਫਰਾਂਸੀਸੀ ਅਤੇ ਉਰਦੂ ਸਾਹਿਤ ਬਾਰੇ ਗੱਲ ਕੀਤੀ।
ਪ੍ਰੋਗਰਾਮ ਦੇ ਅਖ਼ੀਰ ਵਿੱਚ ਪ੍ਰੋ. ਐਲਨ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਪ੍ਰੋਗਰਾਮ ਦਾ ਸੰਚਾਲਨ ਉਰਦੂ ਵਿਭਾਗ ਦੇ ਖੋਜਕਰਤਾ ਖਲੀਕੁਰ ਰਹਿਮਾਨ ਨੇ ਕੀਤਾ, ਜਦੋਂਕਿ ਸਮਾਪਤੀ ਭਾਸ਼ਣ ਫਾਰਸੀ ਵਿਭਾਗ ਦੇ ਅਧਿਆਪਕ ਡਾ. ਜ਼ੁਲਫਿਕਾਰ ਅਲੀ ਨੇ ਦਿੱਤਾ।