ਪੀਜੀਆਈ ’ਚ ਸੈਂਟਰ ਆਫ ਐਕਸੀਲੈਂਸ ਤਹਿਤ ਸਿਖਲਾਈ ਪ੍ਰੋਗਰਾਮ ਸ਼ੁਰੂ
ਪੀਜੀਆਈ ਚੰਡੀਗੜ੍ਹ ਨੇ ਅੱਜ ਨਵੇਂ ਸਥਾਪਤ ਸੈਂਟਰ ਆਫ ਐਕਸੀਲੈਂਸ (ਟਰੌਮਾ ਐਂਡ ਬਰਨਜ਼) ਅਧੀਨ ਪਹਿਲੇ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਨੈਸ਼ਨਲ ਪ੍ਰੋਗਰਾਮ ਫਾਰ ਪ੍ਰੀਵੈਂਸ਼ਨ ਐਂਡ ਮੈਨੇਜਮੈਂਟ ਆਫ ਟਰੌਮਾ ਐਂਡ ਬਰਨ ਇੰਜਰੀਜ਼ ਤਹਿਤ ਬਣਾਏ ਇਸ ਸੈਂਟਰ ਵਿਖੇ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਅੱਜ ਪੀਜੀਆਈ ਦੇ ਡਾਇਰੈਕਟਰ ਪ੍ਰੋਫੈਸਰ ਵਿਵੇਕ ਲਾਲ ਨੇ ਸ਼ਮ੍ਹਾਂ ਰੌਸ਼ਨ ਕਰ ਕੇ ਕੀਤਾ।
ਪ੍ਰੋ. ਵਿਵੇਕ ਲਾਲ ਨੇ ਕੇਂਦਰ ਸਰਕਾਰ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੈਂਟਰ ਆਫ ਐਕਸੀਲੈਂਸ ਨਾ ਸਿਰਫ਼ ਕਰਮਚਾਰੀਆਂ ਨੂੰ ਸਿਖਲਾਈ ਦੇਵੇਗਾ ਬਲਕਿ ਪੂਰੇ ਦੇਸ਼ ਵਿੱਚ ਟਰੌਮਾ ਸਿਸਟਮ ਵਿਕਾਸ ਲਈ ਮਾਪਦੰਡ ਸਥਾਪਤ ਕਰੇਗਾ। ਪਲਾਸਟਿਕ ਸਰਜਰੀ ਵਿਭਾਗ ਦੇ ਮੁਖੀ ਅਤੇ ਸੈਂਟਰ ਆਫ ਐਕਸੀਲੈਂਸ (ਟੌਮਾ ਐਂਡ ਬਰਨਜ਼) ਦੇ ਨੋਡਲ ਅਫ਼ਸਰ ਡਾ. ਅਤੁਲ ਪਰਾਸ਼ਰ ਨੇ ਜੋ ਕਿ ਕੋਰਸ ਡਾਇਰੈਕਟਰ ਵੀ ਹਨ, ਨੇ ਕਿਹਾ ਕਿ ਇਹ ਸਿਖਲਾਈ ਇੱਕ ਕੌਮੀ ਮਿਸ਼ਨ ਦੀ ਸ਼ੁਰੂਆਤ ਹੈ। ਐਨਸਥੀਸੀਆ ਦੀ ਪ੍ਰੋਫੈਸਰ ਅਤੇ ਕੋਰਸ ਸਹਿ-ਨਿਰਦੇਸ਼ਕਾ ਡਾ. ਨਿਧੀ ਭਾਟੀਆ ਨੇ ਦੱਸਿਆ ਕਿ ਇਹ ਪਹਿਲਾ ਸਿਖਲਾਈ ਪ੍ਰੋਗਰਾਮ 60 ਰੈਜ਼ੀਡੈਂਟ ਡਾਕਟਰਾਂ ਦੀ ਸਮਰੱਥਾ ਵਧਾਉਣ ਲਈ ਸਮਰਪਿਤ ਹੈ।