ਡੀਵਾਈਡਰ ’ਤੇ ਟਰੱਕ ਫੱਸਣ ਕਾਰਨ ਜ਼ੀਰਕਪੁਰ-ਚੰਡੀਗੜ੍ਹ ਮਾਰਗ ’ਤੇ ਜਾਮ
ਜਾਣਕਾਰੀ ਅਨੁਸਾਰ ਚੰਡੀਗੜ੍ਹ ਅੰਬਾਲਾ ਹਾਈਵੇਅ ’ਤੇ ਵਾਹਨ ਚਾਲਕ ਸ਼ਾਰਟਕੱਟ ਦੇ ਚੱਕਰ ’ਚ ਯੂ-ਟਰਨ ਲਈ ਅੱਗੇ ਤੋਂ ਘੁੰਮ ਕੇ ਆਉਣ ਦੀ ਥਾਂ ਜ਼ੀਰਕਪੁਰ ਹੋਟਲ ਰਮਾਡਾ ਦੇ ਸਾਹਮਣੇ ਡਾਵਾਈਡਰ ਤੋਂ ਹੀ ਵਾਹਨ ਟਪਾ ਦਿੰਦੇ ਹਨ। ਅੱਜ ਸ਼ਾਮ ਵੀ ਇੱਥੋਂ ਇਕ ਟਰੱਕ ਚਾਲਕ ਨੇ ਸ਼ਾਰਟ ਕੱਟ ਲੈਂਦਿਆਂ ਡੀਵਾਈਡਰ ਉੱਪਰੋਂ ਟਰੱਕ ਲੰਘਾਉਣ ਦੀ ਕੋਸ਼ਿਸ਼ ਕੀਤੀ ਤਾਂ ਟਰੱਕ ਸੜਕ ਵਿਚਾਲੇ ਫਸ ਗਿਆ, ਜਿਸ ਕਾਰਨ ਆਵਾਜਾਈ ਵਿੱਚ ਵਿਘਣ ਪੈਣਾ ਸ਼ੁਰੂ ਹੋ ਗਿਆ। ਹਾਈਵੇਅ ’ਤੇ ਹਰ ਵੇਲੇ ਭਾਰੀ ਟਰੈਫਿਕ ਰਹਿੰਦੀ ਹੈ ਜਿਸ ਕਾਰਨ ਕੁਝ ਮਿੰਟਾਂ ਵਿੱਚ ਹੀ ਵੱਡਾ ਜਾਮ ਲੱਗ ਗਿਆ। ਪਹਿਲਾਂ ਹੀ ਜਾਮ ਚੰਡੀਗੜ੍ਹ ਤੋਂ ਜ਼ੀਰਕਪੁਰ ਆਉਣ ਵਾਲੇ ਪਾਸੇ ਲੱਗਿਆ ਹੋਇਆ ਸੀ ਅਤੇ ਬਾਅਦ ਵਿੱਚ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀ ਲੰਮੀਆਂ ਕਤਾਰਾਂ ਲੱਗ ਗਈਆਂ। ਜ਼ੀਰਕਪੁਰ ਤੋਂ ਸ਼ੁਰੂ ਹੋਇਆ ਇਹ ਜਾਮ ਚੰਡੀਗੜ੍ਹ ਟ੍ਰਿਬਿਊਨ ਚੌਕ ਤੱਕ ਪਹੁੰਚ ਗਿਆ। ਸ਼ਾਮ ਨੂੰ ਦਫ਼ਤਰਾਂ ਤੋਂ ਛੁੱਟੀ ਦਾ ਸਮਾਂ ਹੋਣ ਕਾਰਨ ਆਵਾਜਾਈ ਕਾਫੀ ਵਧ ਰਹਿੰਦੀ ਹੈ ਜਿਸ ਕਾਰਨ ਸੜਕਾਂ ਦੇ ਦੋਵੇਂ ਪਾਸੇ ਵਾਹਨਾਂ ਦੀ ਭਰਮਾਰ ਹੋ ਗਈ। ਲੋਕ ਜਾਮ ਤੋਂ ਬਚਣ ਲਈ ਗਲਤ ਦਿਸ਼ਾ ਤੋਂ ਵਾਹਨ ਲੈ ਰਹੇ ਸੀ ਜਿਸ ਨੇ ਸਮੱਸਿਆ ਹੋਰ ਵਧਾ ਦਿੱਤੀ। ਖ਼ਬਰ ਲਿਖੇ ਜਾਣ ਤੱਕ ਟਰੈਫਿਕ ਪੁਲੀਸ ਮੌਕੇ ’ਤੇ ਪਹੁੰਚ ਕੇ ਟਰੱਕ ਨੂੰ ਪਾਸੇ ਕਰਵਾ ਆਵਾਜਾਈ ਨੂੰ ਬਹਾਲ ਕਰਨ ਵਿੱਚ ਜੁੱਟੀ ਹੋਈ ਸੀ।