ਚੰਡੀਗੜ੍ਹ-ਮੁਹਾਲੀ ਤੇ ਜ਼ੀਰਕਪੁਰ ਹੱਦ ’ਤੇ ਆਵਾਜਾਈ ਜਾਮ, ਵਾਹਨਾਂ ਦੀਆਂ ਕਈ ਕਿਲੋਮੀਟਰ ਲੰਮੀਆਂ ਕਤਾਰਾਂ ਲੱਗੀਆਂ
ਪੰਜਾਬ ਯੂਨੀਵਰਸਿਟੀ ਵਿੱਚ ਅੱਜ ਧਰਨੇ ਪ੍ਰਦਰਸ਼ਨ ਲਈ ਸੱਦੇ ਦੇ ਚਲਦਿਆਂ ਪ੍ਰਸ਼ਾਸਨ ਨੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਭਾਰੀ ਪੁਲੀਸ ਬਲ ਤਾਇਨਾਤ ਕੀਤਾ ਹੋਇਆ ਹੈ। ਇਸ ਦੌਰਾਨ ਬਠਿੰਡਾ-ਚੰਡੀਗੜ੍ਹ ਕੌਮੀ ਹਾਇਵੇਅ ’ਤੇ ਥਾਂ-ਥਾਂ ’ਤੇ ਪੁਲੀਸ ਨਾਕੇ ਲਾਏ ਹੋਏ ਸਨ। ਇਸ ਦੌਰਾਨ ਯੂਟੀ ਪੁਲੀਸ ਨੇ ਮੁਹਾਲੀ ਵਿੱਚ ਫੇਜ਼-6 ਦੇ ਨੇੜੇ ਚੰਡੀਗੜ੍ਹ-ਮੁਹਾਲੀ ਸਰਹੱਦ ’ਤੇ ਬੈਰੀਕੇਡ ਲਗਾ ਕੇ ਚੰਡੀਗੜ੍ਹ ਵਿੱਚ ਦਾਖਲੇ ’ਤੇ ਪਾਬੰਦੀ ਲਗਾ ਦਿੱਤੀ ਹੈ।
ਇਸ ਰਾਹ ’ਤੇ ਵਾਹਨਾਂ ਦੇ ਦਾਖਲੇ ਨੂੰ ਰੋਕਣ ਲਈ ਸਰਹੱਦ ਦੇ ਨੇੜੇ ਸੜਕ ’ਤੇ ਟਰੱਕ ਅਤੇ ਬੱਸਾਂ ਖੜ੍ਹੀਆਂ ਕਰ ਦਿੱਤੀਆਂ ਗਈਆਂ ਹਨ। ਜਿਸ ਕਾਰਨ ਮੁਹਾਲੀ ਦੇ ਫੇਜ਼-6 ਵਿੱਚ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਇਸ ਸੜਕ ’ਤੇ ਸਫਰ ਕਰਨ ਵਾਲੇ ਰਾਹਗੀਰ ਬਦਲਵੇਂ ਰੂਟ ਦੀ ਭਾਲ ਕਰਦਿਆਂ ਪਰੇਸ਼ਾਨ ਹੁੰਦੇ ਦਿਖਾਈ ਦਿੱਤੇ।
ਜ਼ੀਰਕਪੁਰ ਵਿੱਚ ਲੰਮਾ ਜਾਮ, ਲੋਕ ਘੰਟਿਆਂ ਬੱਧੀ ਫਸੇ
ਪੰਜਾਬ-ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਐਂਟਰੀ ਪੁਆਇੰਟ ’ਤੇ ਜ਼ੀਰਕਪੁਰ ਵਿੱਚ ਸੋਮਵਾਰ ਸਵੇਰ ਤੋਂ ਹੀ ਵੱਡਾ ਜਾਮ ਲੱਗਿਆ ਹੋਇਆ ਹੈ। ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੇ 'ਪੀਯੂ ਬੰਦ' ਪ੍ਰਦਰਸ਼ਨ ਕਾਰਨ ਪੁਲੀਸ ਵੱਲੋਂ ਸ਼ਹਿਰਾਂ ਦੀਆਂ ਹੱਦਾਂ ’ਤੇ ਨਾਕੇ ਲਾ ਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ ਅਤੇ ਆਵਾਜਾਈ ਨੂੰ ਸੀਮਤ ਕੀਤਾ ਹੋਇਆ ਸੀ।
ਸਵੇਰੇ 8 ਵਜੇ ਤੋਂ ਹੀ ਜ਼ੀਰਕਪੁਰ-ਚੰਡੀਗੜ੍ਹ ਮਾਰਗ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ। ਹਾਲਾਤ ਇਹ ਸਨ ਕਿ ਲਗਪਗ ਦੋ ਕਿਲੋਮੀਟਰ ਤੱਕ ਗੱਡੀਆਂ ਦੀਆਂ ਲਾਈਨਾਂ ਨਜ਼ਰ ਆਈਆਂ। ਜਾਮ ਵਿੱਚ ਫਸੇ ਲੋਕਾਂ ਵਿੱਚ ਸਕੂਲੀ ਬੱਚੇ, ਕਾਲਜ ਵਿਦਿਆਰਥੀ ਅਤੇ ਦਫ਼ਤਰ ਜਾਣ ਵਾਲੇ ਲੋਕ ਸ਼ਾਮਲ ਸਨ।
ਚੰਡੀਗੜ੍ਹ ਪੁਲੀਸ ਵੱਲੋਂ ਪੰਜਾਬ ਯੂਨੀਵਰਸਿਟੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੁਰੱਖਿਆ ਵਧਾਉਣ ਕਾਰਨ ਟਰੈਫਿਕ ਦਾ ਦਬਾਅ ਜ਼ੀਰਕਪੁਰ ਅਤੇ ਆਸ-ਪਾਸ ਦੀਆਂ ਸੜਕਾਂ ’ਤੇ ਵਧਿਆ ਨਜ਼ਾਰ ਆਇਆ।
ਜ਼ੀਰਕਪੁਰ ਦੇ ਬਲਟਾਣਾ ਨਿਵਾਸੀ ਸੰਦੀਪ ਕੁਮਾਰ ਸੈਕਟਰ-17 ਸਥਿਤ ਆਪਣੇ ਦਫ਼ਤਰ ਜਾਣ ਮੌਕੇ ਜਾਮ ਵਿੱਚ ਫਸ ਗਏ। ਉਨ੍ਹਾਂ ਕਿਹਾ, “ਆਮ ਤੌਰ 'ਤੇ 30 ਤੋਂ 35 ਮਿੰਟਾਂ ਵਿੱਚ ਪਹੁੰਚ ਜਾਂਦਾ ਹਾਂ, ਪਰ ਅੱਜ ਢਾਈ ਘੰਟੇ ਤੋਂ ਇੱਥੇ ਫਸਿਆ ਹੋਇਆ ਹਾਂ।”
ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਮੌਕਿਆਂ ’ਤੇ ਬਦਲਵੇਂ ਮਾਰਗਾਂ ਦਾ ਪ੍ਰਬੰਧ ਪਹਿਲਾਂ ਤੋਂ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਪ੍ਰੇਸ਼ਾਨੀ ਨਾ ਝੱਲਣੀ ਪਵੇ।
