ਕੌਮੀ ਰਾਜ ਮਾਰਗ ’ਤੇ ਟੌਲ ਘਾਏ ਜਾਣ: ਅਮਰ ਸਿੰਘ
ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਸਰਹਿੰਦ ਤੋਂ ਲੁਧਿਆਣਾ ਤੱਕ ਐੱਨਐੱਚ-44 ਦੇ ਠੇਕੇਦਾਰ-ਅਪਰੇਟਰ ਨੇ ਪਿਛਲੇ 15 ਸਾਲਾਂ ਵਿੱਚ ਵੱਡੀ ਮਾਤਰਾ ਵਿੱਚ ਟੌਲ ਇਕੱਠਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਠੇਕੇਦਾਰ ਵੱਲੋਂ ਬਣਦੀਆਂ ਸਹੂਲਤਾਂ ਵੀ ਪੂਰੀ ਤਰ੍ਹਾਂ ਵਿਕਸਤ ਨਹੀਂ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਮੁੱਖ ਰਾਜ ਮਾਰਗ ਦੇ ਨਾਲ 50 ਫ਼ੀਸਦੀ ਸੇਵਾ ਸੜਕਾਂ, ਜ਼ਿਆਦਾਤਰ ਪ੍ਰਵੇਸ਼-ਨਿਕਾਸ ਰੈਂਪ ਨਹੀਂ ਬਣਾਏ ਜਿਸ ਕਾਰਨ ਹਾਦਸੇ ਹੁੰਦੇ ਹਨ, ਕੋਈ ਟਰੈਫਿਕ ਅਤੇ ਡਾਕਟਰੀ ਸਹਾਇਤਾ ਪੋਸਟ ਨਹੀਂ, 220 ਕਿਲੋਮੀਟਰ ਸਟਰੀਟ ਲਾਈਟਿੰਗ ਨਹੀਂ ਕੀਤੀ ਗਈ ਅਤੇ ਇਹ ਜ਼ਿਆਦਾਤਰ ਮੁੱਖ ਸ਼ਹਿਰਾਂ ਵਿੱਚ ਛੋਟੇ ਹਿੱਸਿਆਂ ਵਿੱਚ ਕੀਤੀ ਗਈ ਅਤੇ ਨਾ ਹੀ ਹਾਈਵੇਅ ’ਤੇ ਪੁਲਾਂ ਨੂੰ ਹਾਈਵੇਅ ਦੀ ਨਵੀਂ ਛੇ ਲੇਨ ਚੌੜਾਈ ਦੇ ਅਨੁਸਾਰ ਅਪਗ੍ਰੇਡ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਗੱਲਾਂ ਨੂੰ ਮੁੱਖ ਰਖਦੇ ਹੋਏ ਯਾਤਰੀਆਂ ਨੂੰ ਰਾਹਤ ਦੇਣ ਲਈ ਇਸ ਨੂੰ ਵਿਕਸਤ ਕੀਤਾ ਜਾਵੇ ਜਾਂ ਟੌਲ ਘਟਾਏ ਜਾਣ। ਉਨ੍ਹਾਂ ਮੰਤਰੀ ਨੂੰ ਖਰੜ-ਲੁਧਿਆਣਾ ਰਾਸ਼ਟਰੀ ਰਾਜਮਾਰਗ ’ਤੇ ਪਿੰਡ ਕੋਟਲਾ ਸ਼ਮਸ਼ਪੁਰ ਵਿੱਚ ਅੰਡਰਪਾਸ ਬਣਾਉਣ ਦੀ ਵੀ ਬੇਨਤੀ ਕੀਤੀ। ਉਨ੍ਹਾਂ ਖੰਟ ਅਤੇ ਘੁਲਾਲ ਵਿੱਚ ਰੈਂਪਾਂ ਵਾਲੇ ਫੁੱਟ ਓਵਰ ਬ੍ਰਿਜ ਬਣਾਉਣ ਦੀ ਬੇਨਤੀ ਕੀਤੀ। ਉਨ੍ਹਾਂ ਦੱਸਿਆ ਕਿ ਮੰਤਰੀ ਨੇ ਵਾਅਦਾ ਕੀਤਾ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰਨ ਉਪਰੰਤ ਜਲਦ ਹੱਲ ਕਰਨਗੇ।