ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਚੰਡੀਗੜ੍ਹ ’ਚ ਗਣਤੰਤਰ ਦਿਵਸ ਲਈ ਸਖ਼ਤ ਸੁਰੱਖਿਆ ਬੰਦੋਬਸਤ

ਅੱਜ ਸੈਕਟਰ-17 ਦੀ ਪਰੇਡ ਗਰਾਊਂਡ ’ਚ ਹੋਵੇਗਾ ਸਮਾਗਮ; ਮੁੱਖ ਸਕੱਤਰ ਲਹਿਰਾਉਣਗੇ ਤਿਰੰਗਾ; ਸ਼ਹਿਰ ’ਚ 1400 ਤੋਂ ਵੱਧ ਪੁਲੀਸ ਮੁਲਾਜ਼ਮ ਤਾਇਨਾਤ
ਚੰਡੀਗੜ੍ਹ ਦੇ ਸੈਕਟਰ-17 ਦੀ ਪਰੇਡ ਗਰਾਊਂਡ ’ਚ ਨਿਰੀਖਣ ਕਰਦਾ ਹੋਇਆ ਡਾਗ ਸਕੁਐਡ। -ਫੋਟੋ: ਰਵੀ ਕੁਮਾਰ
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 25 ਜਨਵਰੀ

Advertisement

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸੈਕਟਰ-17 ਦੇ ਪਰੇਡ ਗਰਾਊਂਡ ਵਿੱਚ 76ਵੇਂ ਗਣਤੰਤਰ ਦਿਵਸ ਦੇ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਵਾਰ ਗਣਤੰਤਰ ਦਿਵਸ ਮੌਕੇ ਯੂਟੀ ਦੇ ਮੁੱਖ ਸਕੱਤਰ ਰਾਜੀਵ ਵਰਮਾ ਕੌਮੀ ਝੰਡਾ ਲਹਿਰਾਉਣਗੇ। ਗਣਤੰਤਰ ਦਿਵਸ ਮੌਕੇ ਵਧੀਆਂ ਸੇਵਾਵਾਂ ਨਿਭਾਉਣ ਵਾਲੇ ਪੁਲੀਸ ਮੁਲਾਜ਼ਮਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਵੱਖ-ਵੱਖ ਸੈਨਿਕ ਟੁਕੜੀਆਂ ਮਾਰਚ ਪਾਸਟ ਕਰਨਗੀਆਂ। ਉਸ ਤੋਂ ਬਾਅਦ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਗਣਤੰਤਰ ਦਿਵਸ ’ਤੇ ਸੰਸਕ੍ਰਿਤਿਕ ਸਮਾਗਮ ਦੀ ਪੇਸ਼ਕਾਰੀ ਕੀਤੀ ਜਾਵੇਗੀ।

ਗਣਤੰਤਰ ਦਿਵਸ ’ਤੇ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧਾਂ ਲਈ 1400 ਤੋਂ ਵੱਧ ਪੁਲੀਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਚੰਡੀਗੜ੍ਹ ਪੁਲੀਸ ਦੇ ਡਾਗ ਸਕੁਐਡ ਤੇ ਬੰਬ ਨਕਾਰਾ ਕਰਨ ਵਾਲੇ ਦਸਤੇ ਵੱਲੋਂ ਅੱਜ ਸੈਕਟਰ-17 ਵਿਖੇ ਸਥਿਤ ਪਰੇਡ ਗਰਾਊਂਡ ਵਿੱਚ ਸਮਾਗਮ ਵਾਲੀ ਥਾਂ ’ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਪੁਲੀਸ ਨੇ ਗਰਾਊਂਡ ਦੇ ਚੱਪੇ-ਚੱਪੇ ਦੀ ਚੈਕਿੰਗ ਕੀਤੀ। ਇਸ ਦੇ ਨਾਲ ਹੀ ਗਰਾਊਂਡ ਵਿੱਚ ਦਾਖਲ ਹੋਣ ਵਾਲਿਆਂ ਦੀ ਚੈਕਿੰਗ ਲਈ ਵੀ ਪੁਖਤਾ ਪ੍ਰਬੰਧ ਕੀਤੇ ਗਏ। ਦੂਜੇ ਪਾਸੇ ਚੰਡੀਗੜ੍ਹ ਪੁਲੀਸ ਵੱਲੋਂ 24 ਘੰਟੇ ਸ਼ਹਿਰ ਵਿੱਚ ਚੱਪੇ-ਚੱਪੇ ’ਤੇ ਗਸ਼ਤ ਕੀਤੀ ਜਾ ਰਹੀ ਹੈ। ਇਸ ਦੌਰਾਨ ਸ਼ਹਿਰ ਵਿੱਚ ਦਾਖਲ ਹੋਣ ਵਾਲੇ ਵਿਅਕਤੀਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਸ਼ੱਕੀ ਵਿਅਕਤੀਆਂ ਦੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਗਣਤੰਤਰ ਦਿਵਸ ਦੇ ਮੱਦੇਨਜ਼ਰ ਅੱਜ ਨੀਮ ਸੈਨਿਕ ਬਲਾਂ ਦੀਆਂ ਵੱਖ-ਵੱਖ ਟੁਕੜੀਆਂ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਫਲੈਗ ਮਾਰਚ ਕੀਤੇ ਗਏ। ਚੰਡੀਗੜ੍ਹ ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹਿਰ ’ਚ ਸ਼ੱਕੀ ਵਿਅਕਤੀ ਜਾਂ ਵਸਤੂ ਦਿਖਾਈ ਦੇਣ ’ਤੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਜਾਵੇ।

ਮੁਹਾਲੀ ’ਚ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਲਹਿਰਾਉਣਗੇ ਤਿਰੰਗਾ

ਚੰਡੀਗੜ੍ਹ-ਜ਼ੀਰਕਪੁਰ ਹੱਦ ’ਤੇ ਵਾਹਨਾਂ ਦੀ ਚੈਕਿੰਗ ਕਰਦੀ ਹੋਈ ਪੁਲੀਸ। -ਫੋਟੋ: ਰਵੀ ਕੁਮਾਰ

ਐਸ.ਏ.ਐਸ. ਨਗਰ (ਮੁਹਾਲੀ), (ਪੱਤਰ ਪ੍ਰੇਰਕ): ਮੁਹਾਲੀ ਪ੍ਰਸ਼ਾਸਨ ਵੱਲੋਂ ਇੱਥੋਂ ਦੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ (ਸ਼ੌਰਿਆ ਚੱਕਰ) ਸਰਕਾਰੀ ਕਾਲਜ ਦੇ ਸਟੇਡੀਅਮ ਵਿਖੇ ਭਲਕੇ ਐਤਵਾਰ ਨੂੰ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਮਨਾਇਆ ਜਾਵੇਗਾ, ਜਿੱਥੇ ਪੰਜਾਬ ਦੇ ਖਾਣਾਂ ਅਤੇ ਭੂ-ਵਿਗਿਆਨ, ਜਲ ਸਰੋਤ, ਭੂਮੀ ਅਤੇ ਜਲ ਸੰਭਾਲ, ਮੰਤਰੀ ਬਰਿੰਦਰ ਕੁਮਾਰ ਗੋਇਲ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਨਿਭਾਉਣਗੇ। ਇਸ ਸਬੰਧੀ ਸਾਰੀਆਂ ਤਿਆਰੀਆਂ ਅਤੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਮੁਹਾਲੀ ਦੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਤੇ ਐੱਸਐੱਸਪੀ ਦੀਪਕ ਪਾਰਕ ਨੇ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦਿੱਤੀਆਂ। ਡੀਸੀ ਆਸ਼ਿਕਾ ਜੈਨ ਨੇ ਦੱਸਿਆ ਕਿ ਮੁਹਾਲੀ ਸਿਵਲ ਤੇ ਪੁਲੀਸ ਪ੍ਰਸ਼ਾਸਨ ਗਣਤੰਤਰ ਦਿਵਸ ਦੇ ਜਸ਼ਨਾਂ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਕਿਹਾ ਕਿ ਕੌਮੀ ਸਮਾਗਮ ਨੂੰ ਸਫਲ ਬਣਾਉਣ ਲਈ ਪੁਲੀਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇੱਕ ਕਾਲਜ ਸਮੇਤ 14 ਸਕੂਲਾਂ ਦੇ 1586 ਵਿਦਿਆਰਥੀ ਦੇਸ਼ ਭਗਤੀ ਅਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨਗੇ। ਉਧਰ, ਪੰਜਾਬ ਦੇ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਗਣਤੰਤਰ ਦਿਵਸ ਸਮਾਗਮਾਂ ਨੂੰ ਲੈ ਕੇ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਸੁਰੱਖਿਆ ਇੰਤਜ਼ਾਮਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਇਨ੍ਹਾਂ ਵਿਆਪਕ ਸੁਰੱਖਿਆ ਇੰਤਜ਼ਾਮਾਂ ਤਹਿਤ ਗੈਰ-ਸਮਾਜੀ, ਦੇਸ਼-ਵਿਰੋਧੀ ਅਨਸਰਾਂ ਅਤੇ ਸ਼ਰਾਬ ਤੇ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ’ਤੇ ਵਿਸ਼ੇਸ਼ ਨਿਗ੍ਹਾ ਰੱਖੀ ਜਾ ਰਹੀ ਹੈ। ਮੁਹਾਲੀ ਸਮੇਤ ਸਮੁੱਚੇ ਪੰਜਾਬ ਵਿੱਚ ਗਣਤੰਤਰ ਦਿਵਸ ਦੇ ਮੱਦੇਨਜ਼ਰ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਵਿਸ਼ੇਸ਼ ਚੌਕਸੀ ਵਧਾਈ ਗਈ ਅਤੇ ਮੁੱਖ ਸੜਕਾਂ ਸਮੇਤ ਸਮੂਹ ਐਂਟਰੀ ਪੁਆਇੰਟਾਂ ’ਤੇ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਜੋ ਰਾਤ ਭਰ ਅਤੇ ਐਤਵਾਰ ਨੂੰ ਦਿਨ ਵਿੱਚ ਵੀ ਜਾਰੀ ਰਹੇਗੀ। ਹੋਟਲਾਂ, ਰੈਸਟੋਰੈਂਟਾਂ ਅਤੇ ਪੀਜੀ ਹਾਊਸਜ਼ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ।

ਲੋਕਾਂ ਦੀ ਸੁਰੱਖਿਆ ਲਈ ਰੂਪਨਗਰ ਪੁਲੀਸ ਪੂਰੀ ਤਰ੍ਹਾਂ ਮੁਸ਼ਤੈਦ: ਐੱਸਐੱਸਪੀ
ਰੂਪਨਗਰ ਸ਼ਹਿਰ ਵਿੱਚ ਫਲੈਗ ਮਾਰਚ ਕਰਦੇ ਹੋਏ ਪੁਲੀਸ ਅਧਿਕਾਰੀ।

ਰੂਪਨਗਰ (ਜਗਮੋਹਨ ਸਿੰਘ): ਗਣਤੰਤਰ ਦਿਵਸ ਦੇ ਮੱਦੇਨਜ਼ਰ ਅੱਜ ਰੂਪਨਗਰ ਪੁਲੀਸ ਨੇ ਸ਼ਹਿਰ ’ਚ ਫਲੈਗ ਮਾਰਚ ਕੀਤਾ ਤੇ ਜ਼ਿਲ੍ਹੇ ’ਚ ਹੋਰ ਸ਼ਹਿਰਾਂ ਕਸਬਿਆਂ ’ਚ ਫਲੈਗ ਮਾਰਚ ਕੀਤੇ ਗਏ। ਇਸ ਦੌਰਾਨ ਜ਼ਿਲ੍ਹਾ ਪੁਲੀਸ ਮੁਖੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਲਈ ਰੂਪਨਗਰ ਪੁਲੀਸ ਪੂਰੀ ਤਰ੍ਹਾਂ ਨਾਲ ਮੁਸ਼ਤੈਦ ਹੈ। ਰੂਪਨਗਰ ਸ਼ਹਿਰ ’ਚ ਫਲੈਗ ਮਾਰਚ ਦੀ ਅਗਵਾਈ ਕਰਦਿਆਂ ਐੱਸਐੱਸਪੀ ਨੇ ਕਿਹਾ ਕਿ ਗਣਤੰਤਰ ਦਿਵਸ ਦੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਮੁੱਖ ਰੱਖਦਿਆਂ ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ ਤੇ 26 ਜਨਵਰੀ ਨੂੰ ਰੂਪਨਗਰ ਦੇ ਨਹਿਰੂ ਸਟੇਡੀਅਮ ਵਿਚ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਅਮਨ-ਅਮਾਨ ਨਾਲ ਨੇਪਰੇ ਚੜ੍ਹਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅੱਜ ਪੁਲੀਸ ਵੱਲੋਂ ਪੂਰੇ ਜ਼ਿਲ੍ਹੇ ਵਿੱਚ ਫਲੈਗ ਮਾਰਚ ਕੱਢੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਗਣਤੰਤਰ ਦਿਵਸ ਦੇ ਮੱਦੇਨਜ਼ਰ ਵਿਸ਼ੇਸ਼ ਪੁਲੀਸ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਹਰ ਭੀੜ-ਭੜੱਕੇ ਵਾਲੀ ਜਗ੍ਹਾ ਜਿਵੇਂ ਕਿ ਰੇਲਵੇ ਸਟੇਸ਼ਨ, ਬੱਸ ਸਟੈਂਡ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਸ਼ਰਾਰਤੀ ਵਿਅਕਤੀ ਮਹੌਲ ਨੂੰ ਖਰਾਬ ਨਾ ਕਰ ਸਕੇ। ਐੱਸਐੱਸਪੀ ਖੁਰਾਣਾ ਨੇ ਕਿਹਾ ਕਿ ਕਿਸੇ ਵੀ ਅਣਸੁਖਾਵੀ ਘਟਨਾ ਸ਼ਹਿਰ ਦੀਆਂ ਵੱਖ-ਵੱਖ ਸਰ੍ਹਾਵਾਂ, ਹੋਟਲਾਂ ਅਤੇ ਢਾਬਿਆਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ। ਇਸ ਮੌਕੇ ਐੱਸਪੀ ਹੈੱਡਕੁਆਟਰ ਰਾਜਪਾਲ ਸਿੰਘ ਹੁੰਦਲ, ਡੀਐਸਪੀ ਰਾਜਪਾਲ ਸਿੰਘ ਗਿੱਲ, ਐੱਸਐੱਚਓ ਪਵਨ ਚੌਧਰੀ, ਐੱਸਐੱਚਓ ਸਿਮਰਨਜੀਤ ਸਿੰਘ ਅਤੇ ਪੁਲੀਸ ਵਿਭਾਗ ਦੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।

 

Advertisement