ਤਿੰਨ ਅੰਤਰਰਾਜੀ ਚੋਰ ਗਰੋਹਾਂ ਦਾ ਪਰਦਾਫਾਸ਼
ਲਾਲੜੂ ਪੁਲੀਸ ਨੇ ਵੱਡੀ ਕਾਰਵਾਈ ਕਰਦਿਆਂ ਤਿੰਨ ਅੰਤਰਰਾਜੀ ਚੋਰ ਗਰੋਹਾਂ ਦਾ ਪਰਦਾਫਾਸ਼ ਕਰ ਕੇ ਛੇ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਪਾਸੋਂ 35 ਲੱਖ ਰੁਪਏ ਦੀ ਕੀਮਤ ਦਾ ਚੋਰੀ ਸ਼ੁਦਾ ਮਾਲ ਵੀ ਬਰਾਮਦ ਹੋਇਆ ਹੈ, ਜਿਸ ਵਿੱਚ ਦੋ ਬੋਲੇਰੋ ਗੱਡੀਆਂ, ਸੱਤ ਸਪਲਿਟ ਏਸੀ, ਸੋਨੇ-ਚਾਂਦੀ ਦੇ ਗਹਿਣੇ, ਕੱਪੜੇ ਤੇ ਚੋਰੀ ਲਈ ਵਰਤਿਆ ਸਾਜ਼ੋ-ਸਾਮਾਨ ਸ਼ਾਮਲ ਹੈ।
ਐਸਐਸਪੀ. ਮੁਹਾਲੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐਸਪੀ ਦਿਹਾਤੀ ਮਨਪ੍ਰੀਤ ਸਿੰਘ, ਐਸਪੀ ਅਪਰੇਸ਼ਨ ਤਲਵਿੰਦਰ ਸਿੰਘ ਗਿੱਲ, ਡੀਐਸਪੀ ਡੇਰਾਬਸੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਟੀਮਾਂ ਨੂੰ ਇਹ ਸਫਲਤਾ ਮਿਲੀ। ਪੁਲੀਸ ਟੀਮਾਂ ਨੇ ਤਫਤੀਸ਼ ਕਰਦਿਆਂ ਮੁਲਜ਼ਮਾਂ ਦੇ ਠਿਕਾਣਿਆਂ ਦਾ ਪਤਾ ਲਗਾ ਕੇ ਛਾਪੇ ਮਾਰੇ।
ਪਹਿਲੇ ਗਰੋਹ ਦੇ ਤਿੰਨ ਮੈਂਬਰ ਸੁਮਿਤ ਕੁਮਾਰ, ਨਿਖਿਲ ਲਹੌਰੀਆ ਤੇ ਕਰਨ ਭੋਲਾ ਨੂੰ ਖਰੜ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਪਾਸੋਂ ਗਹਿਣੇ, ਰਾਡ ਤੇ ਕੇਟੀਐਮ ਬਾਈਕ ਬਰਾਮਦ ਹੋਈ। ਇਨ੍ਹਾਂ ਨੇ ਮੋਰਿੰਡਾ ਵਿੱਚ ਚੋਰੀ ਕਰਨ ਦੀ ਗੱਲ ਵੀ ਕਬੂਲੀ ਕੀਤੀ। ਦੂਜੇ ਮਾਮਲੇ ਵਿੱਚ ਮਨਦੀਪ ਸਿੰਘ ਉਰਫ ਦੀਪਾ ਨੂੰ ਸੰਗੋਧਾ ਤੋਂ ਫੜ ਕੇ ਬੋਲੇਰੋ, 41 ਕੱਪੜੇ, 72 ਲੇਡੀਜ਼ ਸੂਟ ਆਦਿ ਬਰਾਮਦ ਕੀਤਾ। ਇਹ ਗੱਡੀ ਲੁਧਿਆਣਾ ਤੋਂ ਚੋਰੀਸ਼ੁਦਾ ਸੀ, ਜਿਸ ਉੱਤੇ ਜਾਅਲੀ ਨੰਬਰ ਪਲੇਟ ਲਗਾਈ ਗਈ ਸੀ। ਤੀਜੇ ਮਾਮਲੇ ਵਿੱਚ ਸੁਰਜੀਤ ਸਿੰਘ ਉਰਫ ਕਾਲਾ ਤੇ ਜਸਵਿੰਦਰ ਸਿੰਘ ਉਰਫ ਪਿੰਚੂ ਨੂੰ ਲੈਹਲੀ ਚੌਂਕ ਤੋਂ ਗ੍ਰਿਫਤਾਰ ਕਰਕੇ ਬੋਲੇਰੋ, ਸੱਤ ਏਸੀ ਅਤੇ ਸੱਬਲ ਬਰਾਮਦ ਕੀਤੇ ਗਏ। ਇਹ ਏਸੀ ਮੁਬਾਰਿਕਪੁਰ ਦੀ ਦੁਕਾਨ ਤੋਂ ਚੋਰੀ ਕੀਤੇ ਗਏ ਸਨ।
ਪੁਲੀਸ ਅਨੁਸਾਰ, ਇਨ੍ਹਾਂ ਗਰੋਹਾਂ ਦੀ ਗ੍ਰਿਫਤਾਰੀ ਨਾਲ ਮੁਹਾਲੀ ਅਤੇ ਹੋਰ ਜ਼ਿਲ੍ਹਿਆਂ ਦੀਆਂ ਕੁੱਲ ਅੱਠ ਚੋਰੀਆਂ ਸੁਲਝ ਗਈਆਂ ਹਨ। ਸਾਰੇ ਮੁਲਜ਼ਮਾਂ ਦੇ ਵੱਖ-ਵੱਖ ਸੂਬਿਆਂ ਵਿੱਚ ਪੁਰਾਣੇ ਕ੍ਰਿਮਿਨਲ ਰਿਕਾਰਡ ਹਨ।