ਸੜਕ ਹਾਦਸਿਆਂ ’ਚ ਪਿਓ-ਧੀ ਸਣੇ ਤਿੰਨ ਹਲਾਕ
ਇੱਥੇ ਵਾਪਰੇ ਦੋ ਵੱਖ ਵੱਖ ਹਾਦਸਿਆਂ ਵਿੱਚ ਪਿਓ-ਧੀ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ। ਪਹਿਲਾ ਹਾਦਸਾ ਜ਼ੀਰਕਪੁਰ-ਪਟਿਆਲਾ ਰੋਡ ’ਤੇ ਪਿੰਡ ਛੱਤ ’ਚ ਵਾਪਰਿਆ।
ਹਾਦਸੇ ’ਚ ਡੇਰਾਬੱਸੀ ਦੇ ਵਸੰਤ ਵਿਹਾਰ ਵਾਸੀ ਰਮੇਸ਼ ਚੰਦ (40) ਅਤੇ ਉਸ ਦੀ ਐੱਮ ਬੀ ਏ ਦੀ ਪੜ੍ਹਾਈ ਕਰ ਰਹੀ ਧੀ ਸੁਮਿਤਾ (24) ਦੀ ਮੌਤ ਹੋ ਗਈ। ਹਾਦਸੇ ਮਗਰੋਂ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲੀਸ ਨੇ ਟਰੱਕ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਚਮੇਲ ਸਿੰਘ ਵਾਸੀ ਰਾਮ ਦਰਬਾਰ ਚੰਡੀਗੜ੍ਹ ਦੀ ਸ਼ਿਕਾਇਤ ’ਤੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਹਾਦਸੇ ਵਾਲੀ ਥਾਂ ਨੇੜਲੀ ਸੀ ਸੀ ਟੀ ਵੀ ਫੁਟੇਜ ਖੰਗਾਲ ਰਹੀ ਹੈ।
ਦੂਜਾ ਹਾਦਸਾ ਇੱਥੋਂ ਦੇ ਢਕੋਲੀ ਖ਼ੇਤਰ ਵਿੱਚ ਵਾਪਰਿਆ, ਜਿੱਥੇ ਬਿਜਲੀ ਦੇ ਖੰਭੇ ਨਾਲ ਟੱਕਰ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਾਮਸ਼ਰਨ ਸਿੰਘ (25) ਵਾਸੀ ਪਿੰਡ ਸਨੋਲੀ ਆਪਣੇ ਮੋਟਰਸਾਈਕਲ ’ਤੇ ਢਕੋਲੀ ਤੋਂ ਪੀਰ ਮੁਛਲਾ ਵੱਲ ਜਾ ਰਿਹਾ ਸੀ।
ਇਸ ਦੌਰਾਨ ਜਦ ਉਹ ਡੀ ਪੀ ਐਸ ਸਕੂਲ ਨੇੜੇ ਪਹੁੰਚਿਆ ਤਾਂ ਸੰਤੁਲਨ ਵਿਗੜਨ ਕਾਰਨ ਮੋਟਰਸਾਈਕਲ ਸੜਕ ਕੰਢੇ ਲੱਗੇ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ। ਗੰਭੀਰ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ।
