ਚੰਡੀਗੜ੍ਹ ਪ੍ਰੈੱਸ ਕਲੱਬ ’ਚ ਦਸਤਾਵੇਜ਼ੀ ਫ਼ਿਲਮ ਨਿਰਮਾਣ ਅਤੇ ਮੋਬਾਈਲ ਪੱਤਰਕਾਰੀ ਬਾਰੇ ਤਿੰਨ ਰੋਜ਼ਾ ਵਰਕਸ਼ਾਪ ਸ਼ੁਰੂ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਜੂਨ
ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਦਸਤਾਵੇਜ਼ੀ ਫਿਲਮ ਨਿਰਮਾਣ ਅਤੇ ਮੋਬਾਈਲ ਪੱਤਰਕਾਰੀ ਬਾਰੇ ਅੱਜ ਤਿੰਨ ਦਿਨਾ ਵਰਕਸ਼ਾਪ ਸ਼ੁਰੂ ਹੋਈ। ਫਿਲਮ ਨਿਰਮਾਤਾ ਤੇ ‘ਨਾਬਰ’ ਲਈ ਕੌਮੀ ਪੁਰਸਕਾਰ ਜੇਤੂ ਫ਼ਿਲਮਸਾਜ਼ ਡਾ. ਰਾਜੀਵ ਕੁਮਾਰ ਨੇ ਵਰਕਸ਼ਾਪ ਦੀ ਅਗਵਾਈ ਕੀਤੀ। ਪਹਿਲੇ ਦਿਨ ਵਰਕਸ਼ਾਪ ਵਿਚ 50 ਤੋਂ ਵੱਧ ਪੱਤਰਕਾਰ ਸ਼ਾਮਲ ਹੋਏ। ਵਰਕਸ਼ਾਪ ਦਾ ਮੁੱਖ ਮੰਤਵ ਕਲੱਬ ਮੈਂਬਰਾਂ ਦੇ ਪੱਤਰਕਾਰੀ ਹੁਨਰ ਨੂੰ ਸ਼ਿੰਗਾਰਨਾ ਅਤੇ ਮੀਡੀਆ ਭਾਈਚਾਰੇ ਅੰਦਰ ਪੇਸ਼ੇਵਰ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ।
ਪ੍ਰੈੱਸ ਕਲੱਬ ਵੱਲੋਂ ਕੌਮ ਟੀਵੀ ਦੇ ਸਹਿਯੋਗ ਨਾਲ ਆਯੋਜਿਤ ਵਰਕਸ਼ਾਪ ਵਿਚ ਦੋ ਪ੍ਰਭਾਵਸ਼ਾਲੀ ਦਸਤਾਵੇਜ਼ੀ ਫਿਲਮਾਂ ਦੀ ਸਕਰੀਨਿੰਗ ਕੀਤੀ ਗਈ। ਇਨ੍ਹਾਂ ਵਿਚੋਂ ਇੱਕ ਹੋਲਾ-ਮਹੱਲਾ ਦੀਆਂ ਜੀਵੰਤ ਰਵਾਇਤਾਂ ’ਤੇ ਕੇਂਦਰਤ ਸੀ, ਜਦੋਂ ਕਿ ਦੂਜੀ ਨੇ ਮਹਿਲਾ ਆਰਕੈਸਟਰਾ ਡਾਂਸਰਾਂ ਦੇ ਜੀਵਨ ਤੇ ਉਨ੍ਹਾਂ ਨੂੰ ਦਰਪੇਸ਼ ਸੰਘਰਸ਼ਾਂ ’ਤੇ ਰੌਸ਼ਨੀ ਪਾਈ। ਸਕਰੀਨਿੰਗ ਤੋਂ ਬਾਅਦ ਫਿਲਮ ਨਿਰਮਾਣ ਦੇ ਵਿਆਕਰਨ ਅਤੇ ਇਸ ਦੇ ਤਕਨੀਕੀ ਪਹਿਲੂਆਂ, ਜਿਸ ਵਿੱਚ ਕੈਮਰਾ ਅਤੇ ਆਡੀਓ ਹੈਂਡਲਿੰਗ ਸ਼ਾਮਲ ਸੀ, ਉੱਤੇ ਵੀ ਸੈਸ਼ਨ ਕੀਤੇ ਗਏ। ਵਰਕਸ਼ਾਪ ਮੰਗਲਵਾਰ ਤੇ ਬੁੱਧਵਾਰ ਨੂੰ ਵੀ ਜਾਰੀ ਰਹੇਗੀ।