ਜ਼ਹਿਰੀਲੀ ਚੀਜ਼ ਖਾਣ ਨਾਲ ਤਿੰਨ ਪਸ਼ੂਆਂ ਦੀ ਮੌਤ
ਬਲੌਂਗੀ ਤੋਂ ਚੰਡੀਗੜ੍ਹ ਵੱਲ ਆਉਂਦੀ ਸੜਕ ’ਤੇ ਫਲਾਈਓਵਰ ਹੇਠਾਂ ਫੁੱਟਪਾਥ ਉੱਤੇ ਪਏ ਕੂੜੇ ਵਿੱਚੋਂ ਜ਼ਹਿਰੀਲੀ ਚੀਜ਼ ਖਾਣ ਨਾਲ ਤਿੰਨ ਪਸ਼ੂਆਂ ਦੀ ਮੌਤ ਹੋ ਗਈ। ਇੱਕ ਕੁੱਤਾ ਵੀ ਦਮ ਤੋੜ ਗਿਆ।
ਮਾਮਲੇ ਦਾ ਪਤਾ ਲੱਗਦਿਆਂ ਹੀ ਮੌਕੇ ’ਤੇ ਪਹੁੰਚੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਇਸ ਘਟਨਾ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਇਲਾਕਾ ਨਗਰ ਨਿਗਮ ਦੇ ਅਧੀਨ ਨਹੀਂ, ਫਿਰ ਵੀ ਉਨ੍ਹਾਂ ਨੇ ਸਬੰਧਤ ਕਰਮਚਾਰੀਆਂ ਨੂੰ ਬੁਲਾ ਕੇ ਮਰੇ ਹੋਏ ਪਸ਼ੂਆਂ ਨੂੰ ਚੁਕਵਾਉਣ ਅਤੇ ਪੋਸਟਮਾਰਟਮ ਕਰਵਾਉਣ ਲਈ ਕਿਹਾ ਹੈ ਤਾਂ ਜੋ ਮੌਤ ਦੇ ਕਾਰਨਾਂ ਪਾ ਪਤਾ ਚੱਲ ਸਕੇ। ਉਨ੍ਹਾਂ ਕਿਹਾ ਕਿ ਇਥੋਂ ਦੇ ਕੁਝ ਲੋਕ ਆਪਣੇ ਦੁਧਾਰੂ ਪਸ਼ੂ ਦਿਨ ਭਰ ਲਈ ਛੱਡ ਦਿੰਦੇ ਹਨ ਜੋ ਇੱਥੇ ਪਿਆ ਜ਼ਹਿਰੀਲਾ ਕੂੜਾ ਖਾ ਲੈਂਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਾ ਤਾਂ ਪਸ਼ੂ ਛੱਡੇ ਜਾਣ, ਨਾ ਹੀ ਇਥੇ ਕੂੜਾ ਸੁੱਟਿਆ ਜਾਵੇ। ਇਥੇ ਹੀ ਭਾਰਤ ਟਰਾਂਸਪੋਰਟ ਦੇ ਮਾਲਕ ਰਾਜਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਕਮਲਦੀਪ ਸਿੰਘ ਨੇ ਕਿਹਾ ਕਿ ਸਵੇਰੇ 7 ਵਜੇ ਇੱਥੇ ਗਊ ਮਰੀ ਪਈ ਸੀ। ਦੋ ਘੰਟੇ ਬਾਅਦ ਜਦੋਂ ਵਾਪਸ ਆਏ ਤਾਂ ਤਿੰਨ ਪਸ਼ੂ ਅਤੇ ਇੱਕ ਕੁੱਤਾ ਵੀ ਮਰਿਆ ਪਿਆ ਸੀ। ਇਥੇ ਨੇੜਲੇ ਏਕੇ ਰਿਜ਼ੋਰਟ ਦੇ ਮਾਲਕ ਪਵਨ ਕੁਮਾਰ ਨੇ ਵੀ ਇਸ ਘਟਨਾ ’ਤੇ ਚਿੰਤਾ ਪ੍ਰਗਟ ਕੀਤੀ।
ਉਨ੍ਹਾਂ ਦੱਸਿਆ ਕਿ ਉਹ ਹਰ 10-15 ਦਿਨ ਮਗਰੋਂ ਜੇਸੀਬੀ ਮਸ਼ੀਨ ਲਾ ਕੇ ਸਫ਼ਾਈ ਕਰਵਾਉਂਦੇ ਹਨ ਪਰ ਕੁਝ ਦਿਨਾਂ ਬਾਅਦ ਹੀ ਕੂੜਾ ਮੁੜ ਇਕੱਠਾ ਹੋ ਜਾਂਦਾ ਹੈ। ਇਹ ਪ੍ਰਸ਼ਾਸਨ ਦੀ ਸਿੱਧੀ ਜ਼ਿੰਮੇਵਾਰੀ ਹੈ। ਡਿਪਟੀ ਮੇਅਰ ਨੇ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਉਹ ਨਿੱਜੀ ਦਖ਼ਲ ਦੇ ਕੇ ਕੂੜਾ ਸੁੱਟਣ ਦੀ ਪ੍ਰਕਿਰਿਆ ਨੂੰ ਰੋਕਣ।
ਦੀਨਾਰਪੁਰ ਵਿਚ 40 ਭੇਡਾਂ ਦੀ ਭੇਤ-ਭਰੀ ਮੌਤ
ਅੰਬਾਲਾ (ਰਤਨ ਸਿੰਘ ਢਿੱਲੋਂ): ਅੰਬਾਲਾ ਜ਼ਿਲ੍ਹੇ ਦੇ ਦੀਨਾਰਪੁਰ ਪਿੰਡ ਵਿਚ ਭੇਡਾਂ ਦੇ ਇਕ ਵਾੜੇ ਵਿਚ ਅੱਜ 40 ਭੇਡਾਂ ਮਰੀਆਂ ਮਿਲੀਆਂ ਹਨ। ਪੀੜਤ ਸੰਦੀਪ ਨੇ ਦੱਸਿਆ ਕਿ ਵਾੜੇ ਵਿਚ ਉਸ ਦੀਆਂ 47 ਭੇਡਾਂ ਸਨ। ਰਾਤ ਸਾਢੇ 12 ਵਜੇ ਭੇਡਾਂ ਠੀਕ ਸਨ ਪਰ ਸਵੇਰੇ 5 ਵਜੇ ਉਸ ਨੇ ਆ ਕੇ ਦੇਖਿਆ ਤਾਂ 40 ਭੇਡਾਂ ਮਰੀਆਂ ਪਈਆਂ ਸਨ। ਉਸ ਦਾ ਕਹਿਣਾ ਹੈ ਕਿ ਭੇਡਾਂ ਮਰਨ ਨਾਲ ਉਨ੍ਹਾਂ ਦਾ ਸੱਤ-ਅੱਠ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਪ੍ਰਸ਼ਾਸਨ ਨੂੰ ਉਨ੍ਹਾਂ ਦੀ ਆਰਥਿਕ ਸਹਾਇਤਾ ਕਰਨੀ ਚਾਹੀਦੀ ਹੈ। ਇਹ ਭੇਡਾਂ ਹੀ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਸਾਧਨ ਸਨ।ਮਾਮਲੇ ਦੀ ਜਾਂਚ ਕਰ ਰਹੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਮਗਰੋਂ ਮੌਤ ਕੇ ਕਾਰਨਾਂ ਦਾ ਪਤਾ ਚੱਲ ਸਕੇਗਾ। ਪੀੜਤ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।