ਹਾਕੀ ’ਚ ਨਾਮ ਖੱਟਣ ਵਾਲਿਆਂ ਨੂੰ ਸਿਖਲਾਈ ਦੇਣੀ ਚਾਹੀਦੀ ਹੈ: ਸੋਹਲ
ਪੰਜਾਬ ਵਿੱਚ ਨੌਜਵਾਨਾਂ ਨੂੰ ਸਹੀ ਦਿਸ਼ਾ ਤੇ ਗਾਈਡੈਂਸ ਨਾ ਮਿਲਣ ਕਰਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਗੱਲ ਦਾ ਪ੍ਰਗਟਾਵਾ ਸਾਲ 1960 ਤੋਂ 72 ਤੱਕ ਹਾਕੀ ਵਿੱਚ ਚਾਰ ਵਾਰ ਓਲੰਪਿਕ ਵਿੱਚ ਕੀਨੀਆ ਦੀ ਨੁਮਾਇੰਦਗੀ ਕਰਨ ਵਾਲੇ ਅਵਤਾਰ ਸਿੰਘ ਸੋਹਲ (87) ਨੇ ਪੰਜਾਬੀ ਟ੍ਰਿਬਿਊਨ ਨਾਲ ਗੱਲਬਾਤ ਕਰਦਿਆਂ ਕੀਤਾ ਹੈ। ਉਨ੍ਹਾਂ ਕਿਹਾ ਕਿ ਹਾਕੀ ਸਣੇ ਹੋਰਨਾਂ ਖੇਡਾਂ ਵਿੱਚ ਸਾਰੀ ਉਮਰ ਲਗਾ ਕੇ ਨਾਮ ਖੱਟਣ ਵਾਲੇ ਖਿਡਾਰੀਆਂ ਨੂੰ ਭਵਿੱਖ ਵਿੱਚ ਨੌਜਵਾਨ ਖਿਡਾਰੀਆਂ ਨੂੰ ਸਿਖਲਾਈ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ, ਜਿਸ ਨਾਲ ਨਵੇਂ-ਨਵੇਂ ਖਿਡਾਰੀਆਂ ਨੂੰ ਤਿਆਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਹਾਕੀ ਖੇਡ ਵਿੱਚ ਬਹੁਤ ਵਧੀਆਂ ਪ੍ਰਦਰਸ਼ਨ ਕਰ ਰਹੇ ਹਨ। ਪਰ ਕੇਂਦਰ ਤੇ ਸੂਬਾ ਸਰਕਾਰ ਨੂੰ ਪੰਜਾਬ ਵਿੱਚ ਹਾਕੀ ਨੂੰ ਹੋਰ ਉਤਸ਼ਾਹਿਤ ਕਰਨ ਲਈ ਸੂਬੇ ਵਿੱਚ ਖੇਡ ਕਲੱਬ ਬਣਾਉਨੇ ਚਾਹੀਦੇ ਹਨ। ਇਸ ਦੇ ਨਾਲ ਹੀ ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲੇ ਵੀ ਪੰਜਾਬ ਵਿੱਚ ਕਰਵਾਉਣੇ ਚਾਹੀਦੇ ਹਨ ਤਾਂ ਜੋ ਪੰਜਾਬ ਦੇ ਨੌਜਵਾਨਾਂ ਦਾ ਖੇਡਾਂ ਵੱਲ ਧਿਆਨ ਕੇਂਦਰਿਤ ਹੋ ਸਕੇ।
ਅਵਤਾਰ ਸਿੰਘ ਸੋਹਲ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਅਤੇ ਵੱਧ ਤੋਂ ਵੱਧ ਸਮਾਂ ਖੇਡਾਂ ਵਿੱਚ ਬਿਤਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੁਰਾਣੇ ਸਮੇਂ ਵਿੱਚ ਖੇਡਾਂ ਜਾਂ ਪੜ੍ਹਾਈ ਦੋਵਾਂ ਵਿੱਚੋਂ ਇਕ ਨੂੰ ਚੁਨਣ ਦੀ ਅਪੀਲ ਕੀਤੀ ਜਾਂਦੀ ਸੀ, ਪਰ ਵਿਦੇਸ਼ਾਂ ਵਿੱਚ ਪੜ੍ਹੇ ਲਿਖੇ ਨੌਜਵਾਨ ਖੇਡ ਖੇਤਰ ਵਿੱਚ ਨਾਮ ਖੱਟ ਰਹੇ ਹਨ। ਇਸ ਲਈ ਭਾਰਤ ਵਿੱਚ ਵੀ ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਡ ਵਿਭਾਗ ਨੂੰ ਵੀ ਅੰਡਰ-11, 14, 17, 19, 21 ਸਣੇ ਹੋਰਨਾਂ ਵਰਗਾਂ ਵਿੱਚ ਯਕੀਨੀ ਤੌਰ ’ਤੇ ਮੁਕਾਬਲੇ ਕਰਵਾਉਣੇ ਚਾਹੀਦੇ ਹਨ। ਇਸ ਨਾਲ ਨੌਜਵਾਨ ਬਚਪਨ ਤੋਂ ਹੀ ਖੇਡਾਂ ਵੱਲ ਉਤਸ਼ਾਹਿਤ ਹੋ ਸਕਣਗੇ।
ਜ਼ਿਕਰਯੋਗ ਹੈ ਕਿ ਅਵਤਾਰ ਸਿੰਘ ਸੋਹਲ ਦਾ ਪਰਿਵਾਰ ਫਗਵਾੜਾ ਦੇ ਨਜ਼ਦੀਕ ਪਿੰਡ ਵਿਰਕ ਦਾ ਰਹਿਣ ਵਾਲਾ ਸੀ। ਜੋ ਕਿ ਬਾਅਦ ਵਿੱਚ ਕੀਨੀਆ ਚਲੇ ਗਏ। ਸੋਹਲ ਨੇ ਛੋਟੀ ਉਮਰ ਵਿੱਚ ਹੀ ਹਾਕੀ ਖੇਡਣੀ ਸ਼ੁਰੂ ਕਰ ਦਿੱਤੀ ਸੀ। ਇਸੇ ਸਦਕਾ ਸੋਹਲ ਨੇ 1964, 1968 ਅਤੇ 1972 ਓਲੰਪਿਕ ਵਿੱਚ ਅਤੇ 1971 ਵਿੱਚ ਬਾਰਸੀਲੋਨਾ ਵਿੱਚ ਹੋਏ ਪਹਿਲੇ ਵਿਸ਼ਵ ਕੱਪ ਵਿੱਚ ਕੀਨੀਆ ਦੀ ਹਾਕੀ ਟੀਮ ਦੀ ਅਗਵਾਈ ਕੀਤੀ ਹੈ। ਸੋਹਲ ਨੇ 1957-72 ਤੱਕ ਕੀਨੀਆ ਦੀ ਨੁਮਾਇੰਦਗੀ ਕੀਤੀ ਅਤੇ 167 ਵਾਰ ਕੈਂਪ ਲਗਾਏ ਹਨ। ਇਸ ਤੋਂ ਇਲਾਵਾ ਉਹ 1978-88 ਤੱਕ ਕੀਨੀਆ ਦੇ ਰਾਸ਼ਟਰੀ ਕੋਚ ਵੀ ਰਹੇ ਹਨ।