ਮੁਹਾਲੀ ਵਿੱਚ ਕੂੜਾ ਸੁੱਟਣ ਲਈ ਥਾਂ ਨਹੀਂ
ਮੁਹਾਲੀ ਸ਼ਹਿਰ ਵਿਚ ਕੂੜੇ ਦੀ ਸਮੱਸਿਆ ਦਿਨੋਂ ਦਿਨ ਗੰਭੀਰ ਬਣਦੀ ਜਾ ਰਹੀ ਹੈ। ਸ਼ਹਿਰ ਵਿੱਚ ਬਣੇ ਕੂੜਾ ਇਕੱਤਰ ਕੇਂਦਰਾਂ ਦੇ ਬਾਹਰ ਤੱਕ ਕੂੜਾ ਆ ਗਿਆ ਹੈ। ਸ਼ਹਿਰ ਦੀਆਂ ਏ ਅਤੇ ਬੀ ਸੜਕਾਂ ਉੱਤੋਂ ਕੂੜਾ ਚੁੱਕਣ ਵਾਲੇ ਠੇਕੇਦਾਰ ਲਲਿਤ ਨੇ ਅੱਜ ਕੂੜੇ ਨਾਲ ਭਰੀਆਂ ਪੰਦਰਾਂ ਟਰਾਲੀਆਂ ਨੂੰ ਸੈਕਟਰ 78 ਦੀ ਪਾਰਕਿੰਗ ਵਿਚ ਖੜ੍ਹਾ ਕਰ ਦਿੱਤਾ ਹੈ। ਠੇਕੇਦਾਰ ਨੇ ਕਿਹਾ ਕਿ ਉਸ ਕੋਲ ਕੂੜਾ ਸੁੱਟਣ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਥਾਂ ਨਹੀਂ ਮੁਹੱਈਆ ਕਰਾਈ ਜਾਂਦੀ ਉਦੋਂ ਤੱਕ ਉਹ ਟਰਾਲੀਆਂ ਇੱਥੋਂ ਕਿਸੇ ਪਾਸੇ ਨਹੀਂ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਕੂੜਾ ਸੁੱਟਣ ਸਮੇਂ ਲੋਕੀਂ ਉਨ੍ਹਾਂ ਨਾਲ ਲੜਦੇ ਹਨ ਤੇ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ।
ਇਸ ਸਬੰਧੀ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਤੇ ਉਨ੍ਹਾਂ ਦੇ ਸਹਿਯੋਗੀ ਕੌਸਲਰਾਂ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਗਮਾਡਾ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਹਰ ਵੱਡੇ ਛੋਟੇ ਅਧਿਕਾਰੀ ਤੱਕ ਇਸ ਸਬੰਧੀ ਗੱਲ ਕਰ ਚੁੱਕੇ ਹਨ, ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਹਲਕਾ ਵਿਧਾਇਕ ਵੀ ਇਸ ਮਾਮਲੇ ਵਿਚ ਸਿਆਸੀ ਰੋਟੀਆਂ ਸੇਕ ਰਹੇ ਹਨ। ਮੇਅਰ ਨੇ ਚੇਤਾਵਨੀ ਦਿੱਤੀ ਹੈ ਜੇ ਡੰਪਿੰਗ ਗਰਾਊਂਡ ਲਈ ਥਾਂ ਨਾ ਮਿਲੀ ਤਾਂ ਕੂੜੇ ਨਾਲ ਭਰੀਆਂ ਟਰਾਲੀਆਂ ਡੀ ਸੀ ਦਫ਼ਤਰ ਦੇ ਸਾਹਮਣੇ ਖੜ੍ਹੀਆਂ ਕੀਤੀਆਂ ਜਾਣਗੀਆਂ। ਫੇਰ ਵੀ ਪ੍ਰਸ਼ਾਸਨ ਨਾ ਜਾਗਿਆ ਤਾਂ ਚੰਡੀਗੜ੍ਹ ਦੇ ਸਥਾਨਕ ਸਰਕਾਰ ਵਿਭਾਗ ਦੇ ਹੈੱਡ ਆਫਿਸ ਅਤੇ ਅਖੀਰਕਾਰ ਮੁੱਖ ਮੰਤਰੀ ਦੇ ਦਰਵਾਜ਼ੇ ਤੱਕ ਟਰਾਲੀਆਂ ਜਾਣਗੀਆਂ।
