ਲਗਾਤਾਰ ਮੀਂਹ ਕਾਰਨ ਮੌਸਮ ਦਾ ਮਿਜ਼ਾਜ ਬਦਲਿਆ
ਟਰਾਈਸਿਟੀ ਵਿੱਚ ਅੱਜ ਦੂਜੇ ਦਿਨ ਵੀ ਮੀਂਹ ਨੇ ਸ਼ਹਿਰ ਨੂੰ ਜਲ-ਥਲ ਕਰ ਕੇ ਰੱਖ ਦਿੱਤਾ ਹੈ। ਮੀਂਹ ਕਰਕੇ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ’ਤੇ ਪਾਣੀ ਖੜ੍ਹਾ ਹੋ ਗਿਆ, ਜਿਸ ਕਰਕੇ ਆਮ ਜਨ ਜੀਵਨ ਪ੍ਰਭਾਵਿਤ ਹੋਇਆ। ਮੀਂਹ ਤੇ ਤੇਜ਼ ਹਵਾਵਾਂ ਕਰਕੇ ਤਾਪਮਾਨ ਵਿੱਚ ਵੀ 10.6 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨੇ ਲੋਕਾਂ ਨੂੰ ਕੰਬਣੀ ਛੇੜ ਦਿੱਤੀ ਹੈ। ਤਾਪਮਾਨ ਡਿੱਗਣ ਕਰਕੇ ਲੋਕ ਅਕਤੂਬਰ ਦੀ ਸ਼ੁਰੂਆਤ ਵਿੱਚ ਹੀ ਗਰਮ ਕੱਪੜਿਆਂ ਦੀ ਵਰਤੋਂ ਕਰਦੇ ਵਿਖਾਈ ਦਿੱਤੇ। ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਅੱਜ ਤੜਕੇ 3-4 ਵਜੇ ਤੋਂ ਮੀਂਹ ਪੈ ਰਿਹਾ ਹੈ, ਜੋ ਕਿ ਸ਼ਾਮ ਤੱਕ ਰੁਕ-ਰੁਕ ਕੇ ਪੈਂਦਾ ਰਿਹਾ। ਮੀਂਹ ਕਰਕੇ ਸ਼ਹਿਰ ਦੀਆਂ ਸੜਕਾਂ ’ਤੇ ਪਾਣੀ ਖੜ੍ਹਾ ਹੋ ਗਿਆ, ਜਿਸ ਕਰਕੇ ਲੋਕਾਂ ਨੂੰ ਵਾਹਨ ਚਲਾਉਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਪਾਣੀ ਖੜ੍ਹਾ ਹੋ ਗਿਆ। ਇਸ ਦੇ ਨਾਲ ਹੀ ਇੰਡਸਟਰੀਅਲ ਏਰੀਆ ਵਿੱਚੋਂ ਲੰਘਦੇ ਰੇਲਵੇ ਅੰਡਰਪਾਸ ਅਤੇ ਸੈਕਟਰ-11 ਤੇ 15 ਵਿਚਕਾਰ ਬਣੇ ਅੰਡਰਪਾਸ ਵਿੱਚ ਵੀ ਪਾਣੀ ਭਰ ਗਿਆ। ਇਸ ਤੋਂ ਇਲਾਵਾਂ ਸੜਕਾਂ ’ਤੇ ਪਾਣੀ ਖੜ੍ਹਾ ਹੋਣ ਕਰਕੇ ਰਾਹਗੀਰਾਂ ਨੂੰ ਵਾਹਨ ਚਲਾਉਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ 24 ਘੰਟਿਆਂ ਦੌਰਾਨ 54.6 ਐੱਮਐੱਮ ਮੀਂਹ ਪਿਆ ਹੈ। ਜਦੋਂ ਕਿ ਮੁਹਾਲੀ ਵਿੱਚ 48 ਐੱਮਐੱਮ ਮੀਂਹ ਪਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਕਿ ਆਮ ਨਾਲੋਂ 10.6 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ ਹੈ। ਇਸੇ ਦੌਰਾਨ ਘੱਟ ਤੋਂ ਘੱਟ ਤਾਪਮਾਨ 18.3 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਹ ਵੀ ਆਮ ਨਾਲੋਂ 2.6 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਹੈ। ਦੂਜੇ ਪਾਸੇ ਮੁਹਾਲੀ ਵਿੱਚ ਵੱਧ ਤੋਂ ਵੱਧ ਤਾਪਮਾਨ 23.4 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 18.5 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਮੌਸਮ ਵਿਗਿਆਨੀਆਂ ਵੱਲੋਂ ਮੀਂਹ ਪੈਣ ਦਾ ਕਾਰਨ ਪੱਛਮੀ ਗੜਬੜੀ ਨੂੂੰ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ 8 ਅਕਤੂਬਰ ਦਿਨ ਬੁੱਧਵਾਰ ਨੂੰ ਬੱਦਲਵਾਈ ਰਹੇਗੀ। ਇਸ ਦੌਰਾਨ ਕਈ ਥਾਵਾਂ ’ਤੇ ਕਿਣ-ਮਿਣ ਹੋ ਸਕਦੀ ਹੈ, ਜਦੋਂ ਕਿ ਉਸ ਤੋਂ ਬਾਅਦ ਮੌਸਮ ਸਾਫ ਹੋਵੇਗਾ।
ਤਰਪਾਲਾਂ ਦੀ ਘਾਟ ਕਾਰਨ ਬੋਰੀਆਂ ਭਿੱਜੀਆਂ
ਮੋਰਿੰਡਾ (ਪੱਤਰ ਪ੍ਰੇਰਕ): ਮੋਰਿੰਡਾ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਖਰੀਦ ਲਈ ਆਈ ਫਸਲ ਨੂੰ ਮੀਂਹ ਤੋਂ ਬਚਾਉਣ ਸਬੰਧੀ ਅਧਿਕਾਰੀਆਂ ਵੱਲੋਂ ਕੀਤੇ ਪ੍ਰਬੰਧ ਵੀ ਨਾ ਕਾਫੀ ਸਾਬਤ ਹੋਏ ਹਨ, ਜਿਸ ਕਾਰਨ ਜਿੱਥੇ ਖਰੀਦ ਕਰਨ ਉਪਰੰਤ ਬੋਰੀਆਂ ਵਿੱਚ ਭਰਿਆ ਗਿਆ ਝੋਨਾ ਮੀਂਹ ਨਾਲ ਭਿੱਜ ਗਿਆ, ਉੱਥੇ ਹੀ ਮੰਡੀ ਵਿੱਚ ਵਿਕਣ ਲਈ ਆਏ ਝੋਨੇ ਦੀ ਫਸਲ ਜੋ ਖੁੱਲ੍ਹੇ ਅਸਮਾਨ ਵਿੱਚ ਪਈ ਸੀ ਉਹ ਮੀਂਹ ਦੀ ਲਪੇਟ ਵਿੱਚ ਆ ਗਈ। ਜਾਣਕਾਰੀ ਅਨੁਸਾਰ ਕੱਲ ਤੱਕ ਮੋਰਿੰਡਾ ਮੰਡੀ ਵਿੱਚ 8444 ਟਨ ਝੋਨੇ ਦੀ ਖਰੀਦ ਹੋ ਚੁੱਕੀ ਸੀ, ਜਿਸ ਵਿੱਚੋਂ 2851 ਟਨ ਝੋਨੇ ਦੀ ਫਸਲ ਖੁੱਲ੍ਹੇ ਅਸਮਾਨ ਵਿੱਚ ਪਈ ਸੀ ਜਿਸ ਨੂੰ ਮੰਡੀ ਵਿੱਚ ਹਾਜ਼ਰ ਮਜ਼ਦੂਰਾਂ ਵੱਲੋਂ ਢੱਕਣ ਲਈ ਪਾਈਆਂ ਗਈਆਂ ਤਰਪਾਲਾਂ ਵੀ ਨਾ ਕਾਫੀ ਸਾਬਤ ਹੋਈਆਂ ਅਤੇ ਮੰਡੀ ਵਿਚਲੀਆਂ ਬਹੁਤ ਸਾਰੀਆਂ ਝੋਨੇ ਦੀਆਂ ਬੋਰੀਆਂ ਤਰਪਾਲਾਂ ਨਾਲ ਢਕੀਆਂ ਹੋਣ ਦੇ ਬਾਵਜੂਦ ਵੀ ਬਾਰਿਸ਼ ਕਾਰਨ ਭਿੱਜ ਗਈਆਂ, ਪ੍ਰੰਤੂ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜੁਝਾਰ ਸਿੰਘ ਮਾਵੀ ਨੇ ਦੱਸਿਆ ਕਿ ਬਾਰਿਸ਼ ਕਾਰਨ ਮੰਡੀ ਵਿੱਚ ਆਈ ਫਸਲ ਦਾ ਕੋਈ ਬਹੁਤਾ ਨੁਕਸਾਨ ਨਹੀ ਹੋਇਆ। ਇਸ ਮੌਕੇ ਤੇ ਮੰਡੀ ਵਿੱਚ ਮੌਜੂਦ ਮੋਰਿੰਡਾ ਦੇ ਕਿਸਾਨ ਸੁਖਦੀਪ ਸਿੰਘ ਅਤੇ ਸਹੇੜੀ ਦੇ ਕਿਸਾਨ ਨਿਰਮਲ ਸਿੰਘ ਤੇ ਹੋਰਾਂ ਨੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ।
ਨਵਾਂ ਗਰਾਉਂ ਦੀ ਮਸੌਲ ਨੂੰ ਜਾਂਦੀ ਸੜਕ ਧੱਸੀ
ਮੁੱਲਾਂਪੁਰ ਗਰੀਬਦਾਸ (ਚਰਨਜੀਤ ਚੰਨੀ): ਭਾਰੀ ਮੀਂਹ ਕਾਰਨ ਨਿਊ ਚੰਡੀਗੜ੍ਹ ਇਲਾਕੇ ਦੀਆਂ ਖਸਤਾ ਹਾਲ ਸੜਕਾਂ ਜਲਥਲ ਹੋ ਗਈਆਂ ਹਨ। ਬਾਰਸ਼ ਕਾਰਨ ਨਵਾਂ ਗਰਾਉਂ ਲਾਗੇ ਪਹਾੜੀ ਖੇਤਰ ਵਿੱਚ ਵੱਸਦੇ ਪਿੰਡ ਮਸੌਲ ਨੂੰ ਜਾਂਦੀ ਇਕਲੌਤੀ ਸੜਕ ਦਾ ਇੱਕ ਕਿਨਾਰਾ ਧੱਸਣ ਕਾਰਨ ਰਸਤੇ ਦੀ ਹਾਲਤ ਖਰਾਬ ਹੋ ਗਈ ਹੈ ਅਤੇ ਰਾਹਗੀਰਾਂ ਨੂੰ ਚੱਲਣ ਵੇਲੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੀਂਹ ਕਾਰਨ ਇਲਾਕੇ ਦੇ ਪਿੰਡ ਸਿੱਸਵਾਂ-ਪੜੌਲ, ਮੁੱਲਾਂਪੁਰ ਗਰੀਬਦਾਸ, ਪਟਿਆਲਾ ਕੀ ਰਾਉ ਨਾਡਾ ਨਦੀ ਵਿੱਚ ਬਰਸਾਤੀ ਪਾਣੀ ਆਇਆ। ਨਿਊ ਚੰਡੀਗੜ੍ਹ ਇਲਾਕੇ ਦੇ ਕਈ ਖੇਤਾਂ ਵਿੱਚ ਜੀਰੀ ਦੀ ਫਸਲ ਪਾਣੀ ਵਿੱਚ ਭਿੱਜ ਗਈ ਹੈ ਅਤੇ ਖੇਤ ਗਿੱਲੇ ਹੋਣ ਕਾਰਨ ਕਿਸਾਨਾਂ ਨੇ ਮਸ਼ੀਨਾਂ ਖੇਤਾਂ ਵਿੱਚ ਨਹੀਂ ਵਾੜੀਆਂ। ਅਕਤੂਬਰ ਮਹੀਨੇ ਵਿੱਚ ਹੋਈ ਤੀਜੀ ਵਾਰ ਬਾਰਸ਼ ਨੇ ਠੰਡ ਦਾ ਮੌਸਮ ਬਣਾ ਦਿੱਤਾ ਹੈ ਅਤੇ ਲੋਕਾਂ ਨੂੰ ਗਰਮ ਕੱਪੜਿਆਂ ਦਾ ਸਹਾਰਾ ਲੈਣਾ ਪਿਆ।