ਗ਼ੈਰ-ਲਾਇਸੈਂਸਸ਼ੁਦਾ ਆਤਿਸ਼ਬਾਜ਼ੀ ਖ਼ਿਲਾਫ਼ ਕਾਰਵਾਈ ਕਰਨ ਪੁੱਜੀ ਟੀਮ ਦਾ ਘਿਰਾਓ
ਦੁਕਾਨਦਾਰਾਂ ਨੇ ਚੱਕਾ ਜਾਮ ਕਰ ਕੇ ਨਾਅਰੇਬਾਜ਼ੀ ਕੀਤੀ
Advertisement
ਸ਼ਹਿਰ ਵਿੱਚ ਆਤਿਸ਼ਬਾਜ਼ੀ ਦੀਆਂ ਅਣ-ਅਧਿਕਾਰਤ ਦੁਕਾਨਾਂ ਖ਼ਿਲਾਫ਼ ਕਰਵਾਈ ਕਰਨ ਆਈ ਐੱਸ ਡੀ ਐੱਮ ਦੀ ਅਗਵਾਈ ਵਾਲੀ ਟੀਮ ਨੂੰ ਦੁਕਾਨਦਾਰਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਆਤਿਸ਼ਬਾਜ਼ੀ ਦੁਕਾਨਦਾਰਾਂ ਨੇ ਸ਼ਹਿਰ ਦੀ ਮੋਰਿੰਡਾ ਰੋਡ ਜਾਮ ਕਰ ਕੇ ਅਧਿਕਾਰੀਆਂ ਦੀਆਂ ਗੱਡੀਆਂ ਦਾ ਘਿਰਾਓ ਕਰ ਲਿਆ। ਇਸੇ ਦੌਰਾਨ ਅਧਿਕਾਰੀਆਂ ਨੇ ਸੂਚੀ ਬਣਾ ਕੇ ਐਤਵਾਰ ਨੂੰ ਮਸਲੇ ਦੇ ਹੱਲ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਦੁਕਾਨਦਾਰਾਂ ਨੇ ਜਾਮ ਖੋਲ੍ਹਿਆ।ਸ਼ਹਿਰ ਵਿੱਚ ਕਰੀਬ 30 ਲਾਇਸੈਂਸ ਹੋਲਡਰ ਆਤਿਸ਼ਬਾਜ਼ੀ ਵਪਾਰੀ ਹੋਣ ਦੇ ਬਾਵਜੂਦ 300 ਤੋਂ ਵਧੇਰੇ ਦੁਕਾਨਾਂ ਖੁੱਲ੍ਹਣ ਨੂੰ ਲੈ ਕੇ ਅੱਜ ਐੱਸ ਡੀ ਐੱਮ ਦਿੱਵਿਆ ਪੀ ਦੀ ਅਗਵਾਈ ਵਾਲੀ ਪ੍ਰਸ਼ਾਸ਼ਨ ਦੀ ਟੀਮ ਪੁਲੀਸ ਫੋਰਸ ਸਮੇਤ ਸ਼ਹਿਰ ਵਿੱਚ ਕਾਰਵਾਈ ਕਰਨ ਲਈ ਪੁੱਜੀ। ਇਸ ਦੀ ਸੂਚਨਾ ਮਿਲਦਿਆਂ ਹੀ ਸੈਂਕੜੇ ਦੁਕਾਨਾਂ ਪਹਿਲਾਂ ਹੀ ਬੰਦ ਹੋ ਗਈਆਂ ਜਦਕਿ ਬਾਕੀ ਦੁਕਾਨਾਂ ਦੇ ਲਾਇਸੈਂਸ ਚੈੱਕ ਕਰਨ ਤੋਂ ਬਾਅਦ ਐੱਸਡੀਐੱਮ ਨੇ ਕਰੀਬ 50 ਦੁਕਾਨਾਂ ਬੰਦ ਕਰਵਾ ਦਿੱਤੀਆਂ। ਇਸ ਕਾਰਵਾਈ ਕਾਰਨ ਦੁਕਾਨਦਾਰ ਰੋਹ ਵਿੱਚ ਆ ਗਏ ਅਤੇ ਮੋਰਿੰਡਾ ਰੋਡ ’ਤੇ ਚੱਕਾ ਜਾਮ ਕਰ ਦਿੱਤਾ। ਦੁਕਾਨਦਾਰਾਂ ਨੇ ਪ੍ਰਸ਼ਾਸ਼ਨ ਅਤੇ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀ ਦੁਕਾਨਦਾਰਾਂ ਨੇ ਐੱਸ ਡੀ ਐੱਮ, ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਤੇ ਪ੍ਰਸ਼ਾਸਨ ਦੀ ਟੀਮ ਦੀਆਂ ਹੋਰ ਗੱਡੀਆਂ ਘੇਰ ਲਈਆਂ ਅਤੇ ਰੋਸ ਪ੍ਰਗਟਾਉਂਦਿਆਂ ਨਾਅਰੇਬਾਜ਼ੀ ਕੀਤੀ। ਧਰਨਾਕਾਰੀ ਆਤਿਸ਼ਬਾਜ਼ੀ ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਨਾਲ ਧੱਕਾ ਹੋ ਰਿਹਾ ਹੈ ਜਦਕਿ ਅਨੇਕਾਂ ਬਗੈਰ ਲਾਇਸੈਂਸ ਦੁਕਾਨਾਂ ਹਾਲੇ ਵੀ ਖੁੱਲ੍ਹੀਆਂ ਹਨ।
ਸਥਿਤੀ ਵਿਗੜਦੀ ਦੇਖ ਕੇ ਐੱਸਡੀਐੱਮ ਦਿੱਵਿਆ ਪੀ ਨੇ ਮੁਜ਼ਾਹਰਾਕਾਰੀ ਦੁਕਾਨਦਾਰਾਂ ਨੂੰ ਸ਼ਾਂਤ ਕੀਤਾ ਅਤੇ ਐਤਵਾਰ ਨੂੰ ਸਾਰੇ ਦੁਕਾਨਦਾਰਾਂ ਸਬੰਧੀ ਸੂਚਨਾ ਲੈ ਕੇ ਸਰਿਆਂ ਖ਼ਿਲਾਫ਼ ਬਰਾਬਰ ਕਾਰਵਾਈ ਦਾ ਭਰੋਸਾ ਦਿੱਤਾ। ਇਸ ’ਤੇ ਦੁਕਾਨਦਾਰਾਂ ਨੇ ਜਾਮ ਖੋਲ੍ਹਿਆ।
Advertisement
ਬਣਦੀ ਕਾਰਵਾਈ ਹੋਵੇਗੀ: ਐੱਸਡੀਐੱਮ
ਇਸ ਮੌਕੇ ਐੱਸ ਡੀ ਐੱਮ ਦਿੱਵਿਆ ਪੀ ਨੇ ਕਿਹਾ ਕਿ ਪ੍ਰਸ਼ਾਸਨ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਰੋਕਥਾਮ ਲਈ ਵਚਨਵੱਧ ਹੈ। ਉਨ੍ਹਾਂ ਕਿਹਾ ਕਿ ਬੰਦ ਕੀਤੀਆਂ 50 ਦੁਕਾਨਾਂ ਨੂੰ ਸੀਲ ਕਰਨ ਦੀ ਨਗਰ ਕੌਂਸਲ ਨੂੰ ਹਦਾਇਤ ਕੀਤੀ ਗਈ ਹੈ ਅਤੇ ਹੋਰ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਦੁਕਾਨਾਂ ਦੀ ਸੂਚੀ ਤਿਆਰ ਕਰ ਕੇ ਦਸਤਾਵੇਜ਼ ਤੇ ਲਾਇਸੈਂਸ ਚੈੱਕ ਕੀਤੇ ਜਾਣਗੇ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
Advertisement