ਫਿਲਮ ਜਿਹੀ ਕਹਾਣੀ ਹੈ ਹਿਮਾਚਲ ਦੇ ਰਿਖੀ ਰਾਮ ਦੀ
ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿਚਲੇ ਸਤੌਨ ਖਿੱਤੇ ਦੇ ਪਿੰਡ ਨਾੜੀ ਨਾਲ ਸਬੰਧਤ ਰਿਖੀ ਰਾਮ ਦੀ ਕਹਾਣੀ ਕਿਸੇ ਫਿਲਮ ਨਾਲੋਂ ਘੱਟ ਨਹੀਂ ਹੈ ਜੋ 16 ਸਾਲ ਦੀ ਉਮਰ ’ਚ ਲਾਪਤਾ ਹੋਣ ਮਗਰੋਂ 45 ਸਾਲ ਬਾਅਦ ਘਰ ਪਰਤ ਆਇਆ ਹੈ। ਉਸ ਦੇ ਘਰ ਪਰਤਣ ਦੀ ਖੁਸ਼ੀ ਨੇ ਸਾਰਾ ਪਿੰਡ ਭਾਵੁਕ ਕਰ ਦਿੱਤਾ ਹੈ।
ਸਾਲ 1980 ਵਿੱਚ ਰਿਖੀ ਰਾਮ ਕੰਮ ਦੀ ਭਾਲ ’ਚ ਹਰਿਆਣਾ ਦੇ ਯਮੁਨਾਨਗਰ ਗਿਆ ਸੀ। ਉਸ ਸਮੇਂ ਉਸ ਦੀ ਉਮਰ 16 ਸਾਲ ਸੀ। ਉਹ ਉੱਥੇ ਹੋਟਲ ’ਚ ਨੌਕਰੀ ਕਰਨ ਲੱਗਾ। ਇੱਕ ਦਿਨ ਹੋਟਲ ਦੇ ਸਾਥੀ ਨਾਲ ਅੰਬਾਲਾ ਜਾਂਦੇ ਸਮੇਂ ਰਾਹ ’ਚ ਉਸ ਨਾਲ ਗੰਭੀਰ ਹਾਦਸਾ ਵਾਪਰਿਆ। ਸਿਰ ’ਚ ਸੱਟ ਵੱਜਣ ਕਾਰਨ ਉਸ ਦੀ ਯਾਦਦਾਸ਼ਤ ਪੂਰੀ ਤਰ੍ਹਾਂ ਚਲੀ ਗਈ ਤੇ ਪਰਿਵਾਰ ਨਾਲ ਉਸ ਦਾ ਸੰਪਰਕ ਟੁੱਟ ਗਿਆ। ਸਾਥੀਆਂ ਨੇ ਉਸ ਦਾ ਨਾਂ ਬਦਲ ਕੇ ਰਵੀ ਚੌਧਰੀ ਰੱਖ ਦਿੱਤਾ। ਨਵੀਂ ਪਛਾਣ ਨਾਲ ਉਹ ਮੁੰਬਈ ਦੇ ਦਾਦਰ ਤੇ ਫਿਰ ਨਾਂਦੇੜ ਪੁੱਜਿਆ ਜਿੱਥੇ ਉਸ ਨੂੰ ਕਾਲਜ ’ਚ ਨੌਕਰੀ ਮਿਲ ਗਈ। ਇੱਥੇ ਹੀ 1994 ’ਚ ਉਸ ਨੇ ਸੰਤੋਸ਼ੀ ਨਾਂ ਦੀ ਔਰਤ ਨਾਲ ਵਿਆਹ ਕਰ ਲਿਆ ਅਤੇ ਉਸ ਦੀਆਂ ਦੋ ਧੀਆਂ ਤੇ ਇੱਕ ਪੁੱਤਰ ਹੈ।
ਰਿਖੀ ਰਾਮ ਨਵੀਂ ਜ਼ਿੰਦਗੀ ’ਚ ਰਚ-ਮਿਚ ਗਿਆ ਸੀ ਕਿ ਕੁਝ ਮਹੀਨੇ ਪਹਿਲਾਂ ਵਾਪਰੇ ਸੜਕ ਹਾਦਸੇ ਮਗਰੋਂ ਉਸ ਦੀਆਂ ਯਾਦਾਂ ਹੌਲੀ-ਹੌਲੀ ਪਰਤਣ ਲੱਗੀਆਂ। ਉਸ ਨੂੰ ਸੁਫਨਿਆਂ ’ਚ ਮੁੜ-ਮੁੜ ਆਪਣੇ ਪਿੰਡ ਦੇ ਦ੍ਰਿਸ਼ ਦਿਖਾਈ ਦੇਣ ਲੱਗੇ। ਉਸ ਨੇ ਇਸ ਬਾਰੇ ਪਤਨੀ ਨੂੰ ਦੱਸਿਆ ਤੇ ਆਪਣੇ ਅਤੀਤ ਬਾਰੇ ਪੜਤਾਲ ਸ਼ੁਰੂ ਕੀਤੀ। ਘੱਟ ਪੜ੍ਹਿਆ-ਲਿਖਿਆ ਹੋਣ ਕਾਰਨ ਉਸ ਨੇ ਕਾਲਜ ਦੇ ਵਿਦਿਆਰਥੀ ਤੋਂ ਇੰਟਰਨੈੱਟ ’ਤੇ ਮਦਦ ਮੰਗੀ ਤਾਂ ਉਸ ਨੂੰ ਸਤੌਨ ਦੇ ਕੈਫੇ ਦਾ ਨੰਬਰ ਮਿਲਿਆ। ਕੈਫੇ ਵਾਲਿਆਂ ਨੇ ਉਸ ਦੀ ਗੱਲ ਨਾੜੀ ਪਿੰਡ ਦੇ ਰਹਿਣ ਵਾਲੇ ਰੁਦਰ ਪ੍ਰਕਾਸ਼ ਨਾਲ ਕਰਵਾਈ।
15 ਨਵੰਬਰ ਨੂੰ ਰਿਖੀ ਰਾਮ ਪਿੰਡ ਪਰਤਿਆ ਦਾਂ ਢੋਲ-ਢਮੱਕੇ ਤੇ ਹਾਰਾਂ ਨਾਲ ਉਸ ਦਾ ਸਵਾਗਤ ਕੀਤਾ ਗਿਆ। ਉਸ ਦੇ ਭੈਣ-ਭਰਾ ਦੁਰਗਾ ਰਾਮ, ਚੰਦਰ ਮੋਹਨ, ਚੰਦਰਮਨੀ, ਕੌਸ਼ੱਲਿਆ ਦੇਵੀ, ਕਲਾ ਦੇਵੀ ਤੇ ਸੁਮਿੱਤਰਾ ਦੇਵੀ ਉਸ ਨੂੰ ਭਾਵੁਕ ਹੋ ਕੇ ਮਿਲੇ। ਜਿਸ ਨੂੰ ਉਨ੍ਹਾਂ ਮਰਿਆ ਹੋਇਆ ਸਮਝ ਲਿਆ ਸੀ ਉਹ ਜਿਊਂਦਾ-ਜਾਗਦਾ ਸਾਹਮਣੇ ਖੜ੍ਹਾ ਸੀ।
ਇੱਕ ਹੋਰ ਦਿਲਚਸਪ ਗੱਲ ਹੈ ਕਿ ਰਿਖੀ ਰਾਮ ਦਾ ਜਨਮ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਤੇ 16 ਸਾਲ ਦੀ ਉਮਰ ’ਚ ਯਾਦਦਾਸ਼ਤ ਗੁਆਉਣ ਮਗਰੋਂ ਹਰਿਆਣਾ ’ਚ ਉਸ ਦੇ ਨਵੇਂ ਸਾਥੀਆਂ ਨੇ ਉਸ ਨੂੰ ਰਾਜਪੂਤ ਦੀ ਪਛਾਣ ਦਿੱਤੀ। ਘਰ ਪਰਤਣ ਮਗਰੋਂ ਰਿਖੀ ਰਾਮ ਨੇ ਮੁੜ ਆਪਣੀ ਮੂਲ ਪਛਾਣ ਅਪਣਾ ਲਈ ਹੈ।
