ਉਪ ਕੁਲਪਤੀ ਦਫ਼ਤਰ ਨੇੇੜੇ ਲੱਗੀ ਸਟੇਜ ਨੇ ਸਿੰਘੂ ਟਿਕਰੀ ਬਾਰਡਰ ਚੇਤੇ ਕਰਾਇਆ
ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਦਿੱਤੇ ਯੂਨੀਵਰਸਿਟੀ ਬੰਦ ਦੇ ਸੱਦੇ ਉਤੇ ਪੀਯੂ ਕੈਂਪਸ ਵਿੱਚ ਵੱਡਾ ਇਕੱਠ ਹੋ ਚੁੱਕਿਆ ਹੈ। ਚੰਡੀਗੜ੍ਹ ਪੁਲੀਸ ਦੀਆਂ ਰੋਕਾਂ ਦੇ ਬਾਵਜੂਦ ਪੰਜਾਬ ਸਮੇਤ ਹੋਰ ਗੁਆਂਢੀ ਸੂਬਿਆਂ ਤੋਂ ਵਿਦਿਆਰਥੀ, ਕਿਸਾਨ, ਮਜਦੂਰ, ਧਾਰਮਿਕ, ਸਮਾਜਿਕ, ਮੁਲਾਜ਼ਮ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਦੇ ਲੀਡਰ ਵੱਡੇ-ਵੱਡੇ ਜਥਿਆਂ ਸਮੇਤ ਪਹੁੰਚ ਚੁੱਕੇ ਹਨ ਅਤੇ ਹੋਰ ਵੀ ਆਮਦ ਜਾਰੀ ਹੈ।
ਸਵੇਰ ਵੇਲੇ ਪੁਲੀਸ ਨੇ ਭਾਵੇਂ ਸਾਰੇ ਗੇਟ ਬੰਦ ਕਰ ਦਿੱਤੇ ਸਨ ਪਰੰਤੂ ਲੋਕਾਂ ਦਾ ਵੱਡਾ ਹਜ਼ੂਮ ਪੁਲੀਸ ਰੋਕਾਂ ਦੀ ਪ੍ਰਵਾਹ ਨਾ ਕਰਦੇ ਹੋਏ ਗੇਟ ਪਾਰ ਕਰਕੇ ਅੰਦਰ ਦਾਖਲ ਹੋ ਗਿਆ। ਉਸ ਤੋਂ ਬਾਅਦ ਪੁਲੀਸ ਨੇ ਲੰਗਰ ਲੈ ਕੇ ਆਉਣ ਵਾਲਿਆਂ ਨੂੰ ਵੀ ਰੋਕਿਆ ਪਰੰਤੂ ਹੁਣ ਲੰਗਰਾਂ ਵਾਲੀਆਂ ਗੱਡੀਆਂ ਵੀ ਦਾਖਲ ਹੋ ਚੁੱਕੀਆਂ ਹਨ।
ਵਾਈਸ ਚਾਂਸਲਰ ਦਫਤਰ ਨੇੜੇ ਲੱਗੀ ਸਟੇਜ ਸਿੰਘੂ-ਟਿੱਕਰੀ ਵਾਲੇ ਕਿਸਾਨ ਅੰਦੋਲਨ ਵਾਲਾ ਦ੍ਰਿਸ਼ ਪੇਸ਼ ਕਰ ਰਹੀ ਹੈ। ਬਾਕੀ ਕੈਂਪਸ ਦੇ ਅੰਦਰ ਕਰਫਿਊ ਵਰਗਾ ਮਾਹੌਲ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਨੇੜਿਓਂ ਲੰਘਣ ਵਾਲੇ ਸੜਕਾਂ ਉਤੇ ਟ੍ਰੈਫਿਕ ਦੇ ਜਾਮ ਲੱਗ ਰਹੇ ਹਨ।
