ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਡੰਗੇ ਲਗਾਉਣ ਦੀ ਸੇਵਾ ਸ਼ੁਰੂ
ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੇ ਆਲੇ-ਦੁਆਲੇ ਕੰਕਰੀਟ ਦੇ ਡੰਗੇ ਬਣਾਉਣ ਦੀ ਸੇਵਾ ਅੱਜ ਅਰਦਾਸ ਉਪਰੰਤ ਸ਼ੁਰੂ ਹੋਈ। ਇਸ ਮੌਕੇ ਖਾਸ ਤੌਰ ’ਤੇ ਹਲਕਾ ਵਿਧਾਇਕ ਤੇ ਕੈਬਿਨੇਟ ਮੰਤਰੀ ਹਰਜੋਤ ਬੈਂਸ ਵੀ ਮੌਜੂਦ ਰਹੇ। ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪਿਛਲੇ ਦਿਨੀਂ ਪਈ ਭਾਰੀ ਬਰਸਾਤ ਦੇ ਨਾਲ ਗੁਰਦੁਆਰਾ ਸਾਹਿਬ ਦੇ ਡੰਗਿਆਂ ਨੂੰ ਕਾਫੀ ਨੁਕਸਾਨ ਪੁੱਜਿਆ ਸੀ। ਹੁਣ ਇਹ ਸੇਵਾ ਗੁਰਦੁਆਰਾ ਸਾਹਿਬ ਨੂੰ ਬਰਸਾਤੀ ਪਾਣੀਆਂ ਤੋਂ ਸੁਰੱਖਿਅਤ ਕਰਨ ਅਤੇ ਸੰਗਤ ਲਈ ਵਧੀਆ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੀਤੀ ਜਾ ਰਹੀ ਹੈ। ਸ੍ਰੀ ਬੈਂਸ ਨੇ ਕਿਹਾ ਕਿ ਡਿਊੜੀ ਦੇ ਆਲੇ-ਦੁਆਲੇ ਖੇਤਰ ਚੌੜਾ ਕਰ ਕੇ ਵੱਡੀ ਪਾਰਕਿੰਗ ਬਣਾਈ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਸੇਵਾ ਲਈ ਬੱਜਰੀ, ਰੇਤਾ ਆਦਿ ਸਮੱਗਰੀ ਦੀ ਲੋੜ ਹੈ ਅਤੇ ਸੰਗਤ ਵੱਲੋਂ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਕਮਿੱਕਰ ਸਿੰਘ ਢਾਡੀ, ਦਇਆ ਸਿੰਘ, ਕੇਸਰ ਸਿੰਘ ਸੰਧੂ, ਪਰਮਿੰਦਰ ਸਿੰਘ ਜਿੰਮੀ, ਸ਼ੰਮੀ ਬਰਾਰੀ, ਗੁਰਪ੍ਰੀਤ ਸਿੰਘ ਅਰੋੜਾ, ਟਰੱਕ ਯੂਨੀਅਨ ਪ੍ਰਧਾਨ ਤਰਲੋਚਨ ਸਿੰਘ ਲੋਚੀ, ਰੋਹਿਤ ਕਾਲੀਆ, ਗੁਰਚਰਨ ਸਿੰਘ ਬੇਲੀਆ ਅਤੇ ਗਗਨਦੀਪ ਸਿੰਘ ਭਰਾਜ ਵੀ ਹਾਜ਼ਰ ਸਨ।