ਘੱਗਰ ਦੀ ਮਾਰ ਕਾਰਨ ਮੁਬਾਰਕਪੁਰ ਕਾਜ਼ਵੇਅ ਦੀ ਹਾੜਤ ਵਿਗੜੀ
ਘੱਗਰ ਨਦੀ ਵਿੱਚ ਲੰਘੇ ਦਿਨੀਂ ਆਏ ਤੇਜ਼ ਪਾਣੀ ਦੇ ਵਹਾਅ ਨੇ ਇਲਾਕੇ ਵਿੱਚ ਭਾਰੀ ਤਬਾਹੀ ਲਿਆਂਦੀ ਹੈ। ਪਾਣੀ ਦੀ ਮਾਰ ਹੇਠ ਜਿੱਥੇ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਜ਼ਮੀਨਾਂ ਚੜ੍ਹ ਗਈਆਂ ਹਨ, ਉਥੇ ਹੀ ਮੁਬਾਰਕਪੁਰ ਕਾਜ਼ਵੇਅ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਕਾਜ਼ਵੇਅ ਨੂੰ ਜੋੜਨ ਵਾਲੀਆਂ ਦੋ ਸੜਕਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਸਿੱਟੇ ਵਜੋਂ ਬੀਤੀ ਸਾਰੀ ਰਾਤ ਇਥੇ ਪੈਦਾ ਹੋਏ ਚਿੱਕੜ ਵਿੱਚ ਇਕ ਐਂਬੂਲੈਂਸ ਫਸੀ ਰਹੀ। ਸਵੇਰੇ ਐਂਬੂਲੈਂਸ ਨੂੰ ਬਾਹਰ ਕੱਢਿਆ ਗਿਆ ਹਾਲਾਂਕਿ ਐਂਬੂਲੈਂਸ ਵਿੱਚ ਕੋਈ ਮਰੀਜ਼ ਨਹੀਂ ਸੀ ਸਿਰਫ਼ ਡਰਾਈਵਰ ਸੀ, ਜੋ ਰਾਤ ਨੂੰ ਐਂਬੂਲੈਂਸ ਨੂੰ ਮੌਕੇ ’ਤੇ ਛੱਡ ਕੇ ਚਲਾ ਗਿਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਘੱਗਰ ਨਦੀ ਵਿੱਚੋਂ ਪਾਣੀ ਓਵਰਫਲੋਅ ਹੋ ਕੇ ਕਾਜ਼ਵੇਅ ’ਤੇ ਉੱਪਰੋਂ ਦੀ ਲੰਘਦਾ ਰਿਹਾ। ਇਸ ਦੌਰਾਨ ਕਾਜ਼ਵੇਅ ਨਾਲ ਜੋੜਨ ਵਾਲੀ ਦੋਵੇਂ ਪਾਸੇ ਦੀਆਂ ਸੜਕਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਮੀਂਹ ਰੁਕਣ ਮਗਰੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਆਰਜ਼ੀ ਤੌਰ ’ਤੇ ਇਥੇ ਮਿੱਟੀ ਪਾ ਕੇ ਰਾਹ ਪੱਧਰਾ ਕੀਤਾ ਹੈ ਪਰ ਬੀਤੇ ਦਿਨ ਤੋਂ ਪਏ ਮੀਂਹ ਕਾਰਨ ਸੜਕ ਪੱਧਰੀ ਕਰਨ ਲਈ ਪਾਈ ਮਿੱਟੀ ਚਿੱਕੜ ’ਚ ਤਬਦੀਲ ਹੋ ਗਈ ਹੈ। ਸਥਾਨਕ ਲੋਕਾਂ ਅਤੇ ਚਾਲਕ ਵੱਲੋਂ ਚਿਕੜ ’ਚ ਫਸੀ ਐਂਬੂਲੈਂਸ ਨੂੰ ਬਾਹਰ ਕੱਢਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਉਹ ਨਾਕਾਮ ਰਿਹਾ। ਸਥਾਨਕ ਲੋਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਡੇਰਾਬੱਸੀ ਨੂੰ ਮੁਬਾਰਕਪੁਰ ਕਾਜ਼ਵੇਅ ਰਾਹੀਂ ਜ਼ੀਰਕਪੁਰ ਨਾਲ ਜੋੜਨ ਵਾਲੀ ਇਹ ਇਕ ਅਹਿਮ ਸੜਕ ਹੈ, ਇਥੇ ਹਰ ਵੇਲੇ ਭਾਰੀ ਆਵਾਜਾਈ ਰਹਿੰਦੀ ਹੈ, ਜਿਸ ਕਾਰਨ ਇਥੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਸ ਕਾਜ਼ਵੇਅ ਨੂੰ ਮੁੜ ਤੋਂ ਠੀਕ ਕਰਨ ਦੀ ਮੰਗ ਕੀਤੀ ਹੈ।