ਪਟਨਾ ਸਾਹਿਬ ਤੋਂ ਚੱਲੀ ਯਾਤਰਾ ਆਨੰਦਪੁਰ ਸਾਹਿਬ ਪੁੱਜੀ
ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਤੋਂ ਸ਼ੁਰੂ ਹੋਈ ਜਾਗ੍ਰਿਤੀ ਯਾਤਰਾ ਅੱਜ ਗੁਰੂ ਨਗਰੀ ਸ੍ਰੀ ਆਨੰਦਪੁਰ ਸਾਹਿਬ ਪਹੁੰਚੀ। ਸ੍ਰੀ ਕੇਸਗੜ੍ਹ ਸਾਹਿਬ ਚੌਕ ਵਿੱਚ ਇਸ ਯਾਤਰਾ ਦਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਕਰਨੈਲ ਸਿੰਘ ਪੀਰ ਮੁਹੰਮਦ, ਚਰਨਜੀਤ ਸਿੰਘ ਬਰਾੜ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਸਣੇ ਵੱਡੀ ਗਿਣਤੀ ਸੰਗਤ ਵੱਲੋਂ ਨਗਾਰਿਆਂ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਸਵਾਗਤ ਕੀਤਾ ਗਿਆ।
ਇਸ ਮੌਕੇ ਗੁਰੂ ਸਾਹਿਬ ਦੇ ਸਰੂਪ ਨੂੰ ਸੁੰਦਰ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕਰਕੇ ਇਹ ਨਗਰ ਕੀਰਤਨ ਮੇਨ ਬਾਜ਼ਾਰ ਤੋਂ ਹੁੰਦਾ ਹੋਇਆ ਗੁਰਦੁਆਰਾ ਸੀਸਗੰਜ ਸਾਹਿਬ ਵਿੱਚ ਅਰਦਾਸ ਕਰਨ ਉਪਰੰਤ ਸਮਾਪਤ ਕੀਤਾ ਗਿਆ। ਇਹ ਯਾਤਰਾ ਦੇਸ਼ ਦੇ ਨੌਂ ਵੱਖ-ਵੱਖ ਰਾਜਾਂ ਰਾਹੀਂ ਲੰਘਦੀ ਹੋਈ ਸ੍ਰੀ ਆਨੰਦਪੁਰ ਸਾਹਿਬ ਪਹੁੰਚੀ।
ਜਾਣਕਾਰੀ ਅਨੁਸਾਰ, ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਤੋਂ ਸ਼ੁਰੂ ਕੀਤੀ ਗਈ ਇਸ ਜਾਗ੍ਰਿਤੀ ਯਾਤਰਾ ਦਾ ਮੁੱਖ ਮਕਸਦ ਲੋਕਾਂ ਨੂੰ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਜਾਗਰੂਕ ਕਰਨਾ ਤੇ ਲੋਕਾਂ ਨੂੰ ਇਤਿਹਾਸਕ ਤੱਥਾਂ ਨਾਲ ਜਾਣੂ ਕਰਵਾਉਣਾ ਹੈ ਕਿ ਕਿਵੇਂ ਨੌਵੇਂ ਪਾਤਸ਼ਾਹ ਨੇ ਧਰਮ, ਦੇਸ਼ ਤੇ ਮਾਨਵਤਾ ਦੀ ਰਾਖੀ ਲਈ ਆਪਣੀ ਕੁਰਬਾਨੀ ਦਿੱਤੀ ਸੀ। ਇਸੇ ਮਨੋਰਥ ਤਹਿਤ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੁਣ ਵੱਖ-ਵੱਖ ਸਥਾਨਾਂ ਤੋਂ ਨਗਰ ਕੀਰਤਨਾਂ ਦੇ ਪਹੁੰਚਣ ਦਾ ਸਿਲਸਿਲਾ ਜਾਰੀ ਸੀ।
