ਟਰੰਕ ਦੀ ਚਾਬੀ ਲਾਉਣ ਆਏ ਵਿਅਕਤੀਆਂ ਨੇ ਸਾਢੇ ਤਿੰਨ ਲੱਖ ਉਡਾਏ
ਇੱਥੋਂ ਫੇਜ਼ ਤਿੰਨ ਏ ਵਿੱਚ ਤਾਲਿਆਂ ਨੂੰ ਡੁਪਲੀਕੇਟ ਚਾਬੀਆਂ ਲਗਾਉਣ ਵਾਲਿਆਂ ਨੇ ਇੱਕ ਘਰ ਦੀ ਅਲਮਾਰੀ ਵਿੱਚੋਂ ਸਾਢੇ ਤਿੰਨ ਲੱਖ ਚੁਰਾ ਲਏ। ਚੋਰੀ ਕਰਨ ਵਾਲਿਆਂ ਦੀਆਂ ਤਸਵੀਰਾਂ ਸੀਸੀਟੀਵੀ ਵਿਚ ਕੈਦ ਹੋ ਗਈਆਂ ਹਨ ਅਤੇ ਪੀੜਤ ਪਰਿਵਾਰ ਨੇ ਇਸ ਸਬੰਧੀ ਮਟੌਰ ਪੁਲੀਸ ਕੋਲ ਸ਼ਿਕਾਇਤ ਦਰਜ ਕਰਾ ਦਿੱਤੀ ਹੈ। ਕੋਠੀ ਦੇ ਮਾਲਕ ਦਵਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਉਹ ਘਰ ਨਹੀਂ ਸਨ। ਉਨ੍ਹਾਂ ਦੇ ਬਿਰਧ ਮਾਤਾ ਅਤੇ ਪਤਨੀ ਨੇ ਗਲੀ ਵਿੱਚੋਂ ਤਾਲਿਆਂ ਦੀਆਂ ਚਾਬੀਆਂ ਲਾਉਣ ਵਾਲੇ ਦੀ ਆਵਾਜ਼ ਆਈ ਅਤੇ ਮਾਤਾ ਦੇ ਟਰੰਕ ਦੀ ਚਾਬੀ ਲਵਾਉਣ ਲਈ ਉਨ੍ਹਾਂ ਨੂੰ ਅੰਦਰ ਬੁਲਾਇਆ ਅਤੇ ਟਰੰਕ ਦੀ ਚਾਬੀ ਲਾਉਣ ਲਈ ਕਿਹਾ।
ਉਨ੍ਹਾਂ ਦੱਸਿਆ ਕਿ ਚੋਰਾਂ ਨੇ ਘਰ ਵਿੱਚ ਮੌਜੂਦ ਮਹਿਲਾਵਾਂ ਕੋਲੋਂ ਅਲਮਾਰੀ ਦੀ ਚਾਬੀ ਲਈ ਅਤੇ ਬਹਾਨੇ ਨਾਲ ਅਲਮਾਰੀ ਦੀ ਚਾਬੀ ਲਈ ਅਤੇ ਉਸ ਨੂੰ ਖੋਲ੍ਹਿਆ। ਅਲਮਾਰੀ ਵਿੱਚ ਸਾਹਮਣੇ ਹੀ ਇੱਕ ਲਿਫਾਫੇ ਵਿੱਚ ਸਾਢੇ ਤਿੰਨ ਲੱਖ ਰੁਪਏ ਪਏ ਸਨ। ਚੋਰਾਂ ਨੇ ਉਹ ਨਗਦੀ ਚੋਰੀ ਕਰਨ ਦੇ ਇਰਾਦੇ ਨਾਲ ਉਸ ਦੀ ਪਤਨੀ ਨੂੰ ਗੱਲਾਂ ਵਿੱਚ ਉਲਝਾ ਕੇ ਅਤੇ ਚਾਬੀ ਗੈਸ ਤੇ ਗਰਮ ਕਰਨ ਦੇ ਬਹਾਨੇ ਉਥੋਂ ਭੇਜ ਕੇ ਉਹ ਸਾਢੇ ਤਿੰਨ ਲੱਖ ਰੁਪਏ ਗਾਇਬ ਕਰ ਲਏ। ਚਾਬੀ ਨੂੰ ਤੋੜ ਕੇ ਅਲਮਾਰੀ ਵਿੱਚ ਫਸਾ ਦਿੱਤਾ ਤਾਂ ਕਿ ਅਲਮਾਰੀ ਖੁੱਲ ਨਾ ਸਕੇ ਅਤੇ ਚੋਰੀ ਦਾ ਪਤਾ ਨਾ ਲੱਗ ਸਕੇ। ਉਨ੍ਹਾਂ ਦੱਸਿਆ ਕਿ ਕਿਸੇ ਦੂਜੇ ਚਾਬੀਆਂ ਵਾਲਿਆਂ ਨੂੰ ਬੁਲਾ ਕੇ ਜਦੋਂ ਅਲਮਾਰੀ ਖੁਲ੍ਹਵਾਈ ਗਈ ਤਾਂ ਨਗਦੀ ਚੋਰੀ ਹੋਣ ਦਾ ਪਤਾ ਚੱਲਿਆ।