ਬਜ਼ੁਰਗ ਦੀ ਨਹੀਂ ਮਿਲੀ ਉੱਘ-ਸੁੱਘ
ਐੱਸਏਐੱਸ ਨਗਰ (ਮੁਹਾਲੀ): ਮੁਹਾਲੀ ਦੇ ਸੈਕਟਰ-68 ਦੇ ਸਿਟੀ ਪਾਰਕ ਤੋਂ 64 ਸਾਲਾ ਬਜ਼ੁਰਗ ਮਨਦੀਸ਼ ਸਿੰਘ 26 ਸਤੰਬਰ ਤੋਂ ਲਾਪਤਾ ਹੈ। ਉਹ ਦਿਮਾਗੀ ਤੌਰ ’ਤੇ ਬਿਮਾਰ ਹੈ। ਉਸ ਦਾ ਕੱਦ ਪੰਜ ਫੁੱਟ ਦੇ ਕਰੀਬ ਹੈ। ਉਸ ਨੇ ਦਾੜੀ ਰੱਖੀ ਹੋਈ ਹੈ। ਪਰਿਵਾਰ ਵੱਲੋਂ ਬਜ਼ੁਰਗ ਦੀ ਗੁੰਮਸ਼ੁਦਾ ਦੀ ਪੁਲੀਸ ਕੋਲ ਵੀ ਸ਼ਿਕਾਇਤ ਦਰਜ ਕਰਾਈ ਗਈ ਹੈ ਤੇ ਆਪ ਵੀ ਭਾਲ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਉਸ ਦਾ ਕੋਈ ਵੀ ਥਹੁ ਪਤਾ ਨਹੀਂ ਲੱਗ ਸਕਿਆ ਹੈ। -ਖੇਤਰੀ ਪ੍ਰਤੀਨਿਧ
ਟੈਂਕਰ ਪਲਟਿਆ
ਐੱਸ ਏ ਐੱਸ ਨਗਰ (ਮੁਹਾਲੀ): ਮੁਹਾਲੀ ਦੀ ਏਅਰਪੋਰਟ ਰੋਡ ਉੱਤੇ ਸੈਕਟਰ ਸੱਤਰ ਦੇ ਮਾਤਾ ਸੁੰਦਰੀ ਜੀ ਗੁਰਦੁਆਰੇ ਨੇੜਲੇ ਤਿਕੋਣੇ ਮੋੜ ਉੱਤੇ ਅੱਜ ਬਾਅਦ ਦੁਪਹਿਰ ਸਵਾ ਕੁ ਤਿੰਨ ਵਜੇ ਇੱਕ 16 ਟਾਇਰਾ ਟੈਂਕਰ ਹਾਦਸਾਗ੍ਰਸਤ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਥਰਮਲ ਪਲਾਟਾਂ ਵਿਚੋਂ ਰਾਖ਼ ਢੋਹਣ ਵਾਲਾ ਇਹ ਟੈਂਕਰ, ਕਾਰ ਅਤੇ ਐਕਟਿਵਾ ਨੂੰ ਬਚਾਉਂਦਿਆਂ ਬੇਕਾਬੂ ਹੋ ਗਿਆ ਅਤੇ ਪਲਟ ਗਿਆ। ਮੌਕੇ ’ਤੇ ਇਕੱਤਰ ਰਾਹਗੀਰਾਂ ਨੇ ਟੈਂਕਰ ਵਿਚ ਫ਼ਸੇ ਹੋਏ ਡਰਾਈਵਰ ਨੂੰ ਸ਼ੀਸ਼ਾ ਤੋੜ ਕੇ ਬਾਹਰ ਕੱਢਿਆ। ਟੈਂਕਰ ਦਾ ਕੁੱਝ ਨੁਕਸਾਨ ਹੋ ਗਿਆ ਪਰ ਡਰਾਈਵਰ ਦਾ ਬਚਾਅ ਹੋ ਗਿਆ। ਜ਼ਿਕਰਯੋਗ ਹੈ ਕਿ ਇਸ ਤਿਕੋਣੇ ਮੋੜ ਉੱਤੇ ਅਕਸਰ ਹਾਦਸੇ ਵਾਪਰਦੇ ਹਨ ਅਤੇ ਅਨੇਕਾਂ ਜਾਨਾਂ ਵੀ ਜਾ ਚੁੱਕੀਆਂ ਹਨ। -ਖੇਤਰੀ ਪ੍ਰਤੀਨਿਧ
ਅਣਪਛਾਤੀ ਲਾਸ਼ ਮਿਲੀ
ਐੱਸਏਐੱਸ ਨਗਰ(ਮੁਹਾਲੀ): ਸੋਹਾਣਾ ਪੁਲੀਸ ਸਟੇਸ਼ਨ ਅਧੀਨ ਸਨੇਟਾ ਚੌਕੀ ਅਧੀਨ ਪੈਂਦੇ ਪਿੰਡ ਨਗਾਰੀ ਤੋਂ ਗੀਗੇਮਾਜਰਾ ਨੂੰ ਜਾਂਦੀ ਸੜਕ ਉੱਤੋਂ ਪੁਲੀਸ ਨੇ ਲਾਸ਼ ਬਰਾਮਦ ਕੀਤੀ ਹੈ। ਮ੍ਰਿਤਕ 60-65 ਸਾਲ ਦਾ ਬਜ਼ੁਰਗ ਹੈ। ਉਸ ਨੇ ਟੀ-ਸ਼ਰਟ ਤੇ ਲੋਅਰ ਪਾਈ ਹੋਈ ਹੈ। ਮ੍ਰਿਤਕ ਕਲੀਨਸ਼ੇਵ ਹੈ ਅਤੇ ਵੇਖਣ ਤੋਂ ਪਰਵਾਸੀ ਮਜ਼ਦੂਰ ਲੱਗਦਾ ਹੈ। ਮਾਮਲੇ ਦੇ ਜਾਂਚ ਅਧਿਕਾਰੀ ਏ ਐੱਸ ਆਈ ਬਲਬੀਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪਛਾਣ ਲਈ ਮੁਹਾਲੀ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ। -ਖੇਤਰੀ ਪ੍ਰਤੀਨਿਧ
ਝਪਟਮਾਰ ਜ਼ਖ਼ਮੀ
ਡੇਰਾਬੱਸੀ: ਪੁਲੀਸ ਦਾ ਨਾਕਾ ਤੋੜ ਕੇ ਭੱਜਦੇ ਦੋ ਮੋਟਰਸਾਈਕਲ ਝਪਟਮਾਰ ਡਿੱਗ ਕੇ ਜ਼ਖ਼ਮੀ ਹੋ ਗਏ। ਮੁਲਜ਼ਮ ਸਕੇ ਭਰਾ ਹਨ। ਮੁਲਜ਼ਮਾਂ ਦੀ ਪਛਾਣ ਸਮੀਰ ਖਾਨ ਅਤੇ ਸਬਰੇਜ ਵਾਸੀ ਪਿੰਡ ਤੇ ਥਾਣਾ ਕੀਰਤਪੁਰ ਜ਼ਿਲ੍ਹਾ ਬਿਜਨੌਰ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। -ਨਿੱਜੀ ਪੱਤਰ ਪ੍ਰੇਰਕ