ਅਗਲੀ ਸਰਕਾਰ ਕਾਂਗਰਸ ਦੀ ਬਣੇਗੀ: ਕੰਬੋਜ
ਇੱਥੋਂ ਦੇ ਵਾਰਡ ਨੰਬਰ ਇੱਕ ਦੇ ਦਰਜਨਾਂ ਪਰਿਵਾਰ ‘ਆਪ’, ਅਕਾਲੀ ਦਲ ਅਤੇ ਭਾਜਪਾ ਨੂੰ ਅਲਵਿਦਾ ਆਖ ਕੇ ਸੇਵਾਮੁਕਤ ਮੈਨੇਜਰ ਦਰਸ਼ਨ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਰਾਜਪੁਰਾ ਹਲਕੇ ਦੇ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਸਾਰਿਆਂ ਦਾ ਪਾਰਟੀ ਵਿੱਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਕੰਬੋਜ ਨੇ ਆਖਿਆ ਕਿ 2027 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਤੈਅ ਹੈ। ਉਨ੍ਹਾਂ ਕਿਹਾ ਕਿ ਸੂਬੇ ਦਾ ਹਰ ਵਰਗ ਮੌਜੂਦਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਤੰਗ ਆ ਚੁੱਕਾ ਹੈ ਅਤੇ ਕਾਂਗਰਸ ਪਾਰਟੀ ਨੂੰ ਦੁਬਾਰਾ ਸੱਤਾ ਵਿੱਚ ਲਿਆਉਣ ਲਈ ਤਤਪਰ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਤਿੰਨ ਸਾਲਾਂ ਦੌਰਾਨ ‘ਆਪ’ ਸਰਕਾਰ ਨੇ ਰਾਜਪੁਰਾ ਹਲਕੇ ਦਾ ਇੱਕ ਵੀ ਵਿਕਾਸ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਉਨ੍ਹਾਂ ਵੱਲੋਂ ਬਨੂੜ ਵਿੱਚ ਕਮਿਊਨਿਟੀ ਸੈਂਟਰ ਅਤੇ ਸਬ-ਤਹਿਸੀਲ ਦੇ ਦਫ਼ਤਰ ਲਈ ਲਿਆਂਦੇ ਕਰੋੜਾਂ ਰੁਪਏ ਦੇ ਫੰਡ ਵੀ ਵਾਪਸ ਮੰਗਵਾ ਲਏ ਹਨ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬਨੂੜ ਨੂੰ ਸਬ-ਡਿਵੀਜ਼ਨ ਬਣਾਉਣ ਦਾ ਫ਼ੈਸਲਾ ਵੀ ਮੌਜੂਦਾ ਸਰਕਾਰ ਨੇ ਲਾਗੂ ਨਹੀਂ ਹੋਣ ਦਿੱਤਾ। ਨਗਰ ਕੌਂਸਲ ਬਨੂੜ ਅਤੇ ਕਿਸੇ ਪੰਚਾਇਤ ਨੂੰ ਕੋਈ ਗਰਾਂਟ ਵੀ ਨਹੀਂ ਦਿੱਤੀ ਗਈ। ਇਸ ਮੌਕੇ ਕੌਂਸਲ ਪ੍ਰਧਾਨ ਜਗਤਾਰ ਸਿੰਘ ਕੰਬੋਜ, ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਭੋਲਾ, ਕੌਂਸਲਰ ਸੁਰਿੰਦਰ ਸਿੰਘ ਸੋਨੀ ਸੰਧੂ, ਅਵਤਾਰ ਸਿੰਘ ਬਬਲਾ, ਭਾਗ ਸਿੰਘ ਡਾਂਗੀ, ਸਾਬਕਾ ਪ੍ਰਧਾਨ ਜਸਵੰਤ ਸਿੰਘ ਖਟੜਾ, ਬਲਕਾਰ ਸਿੰਘ, ਕੈਪਟਨ ਬੰਤ ਸਿੰਘ, ਹਿੰਮਤ ਸਿੰਘ, ਸਾਬਕਾ ਚੇਅਰਮੈਨ ਦੀਦਾਰ ਸਿੰਘ, ਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਮੌਜੂਦ ਸਨ।
