ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਟ੍ਰਾਈਸਿਟੀ ’ਚ ਦਿਨ ਭਰ ਕਿਣ-ਮਿਣ ਮਗਰੋਂ ਪਾਰਾ ਡਿੱਗਿਆ

ਚੰਡੀਗੜ੍ਹ ਵਿੱਚ 3.1 ਐੱਮਐੱਮ ਤੇ ਮੁਹਾਲੀ ਵਿੱਚ 2.5 ਐੱਮਐੱਮ ਪਿਆ ਮੀਂਹ; 27 ਨੂੰ ਮੁੜ ਮੀਂਹ ਦੀ ਸੰਭਾਵਨਾ; ਮੌਸਮ ਵਿਭਾਗ ਵੱਲੋਂ ਤਿੰਨ ਦਿਨ ਸੀਤ ਲਹਿਰਾਂ ਚੱਲਣ ਦੀ ਪੇਸ਼ੀਨਗੋਈ
ਚੰਡੀਗੜ੍ਹ ਵਿੱਚ ਮੀਂਹ ਦੌਰਾਨ ਸਕੂਲ ਤੋਂ ਛੁੱਟੀ ਮਗਰੋਂ ਘਰਾਂ ਨੂੰ ਜਾਂਦੇ ਹੋਏ ਵਿਦਿਆਰਥੀ। -ਫੋਟੋਆਂ: ਪ੍ਰਦੀਪ ਤਿਵਾੜੀ
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 23 ਦਸੰਬਰ

Advertisement

ਚੰਡੀਗੜ੍ਹ ਟ੍ਰਾਈਸਿਟੀ ਵਿੱਚ ਅੱਜ ਸਾਰਾ ਦਿਨ ਕਿਣ-ਮਿਣ ਹੁੰਦੀ ਰਹੀ ਹੈ। ਕਿਣ-ਮਿਣ ਦੇ ਨਾਲ ਚੱਲਣ ਵਾਲੀਆਂ ਤੇਜ਼ ਹਵਾਵਾਂ ਨੇ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ ਅਤੇ ਸਾਰਾ ਦਿਨ ਲੋਕਾਂ ਨੂੰ ਕੰਬਣੀ ਛੇੜੀ ਰੱਖੀ। ਠੰਢ ਕਾਰਨ ਲੋਕਾਂ ਨੂੰ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਵਿੱਚ 3.1 ਐੱਮਐੱਮ ਅਤੇ ਮੁਹਾਲੀ ਵਿੱਚ 2.5 ਐੱਮਐੱਮ ਮੀਂਹ ਪਿਆ ਹੈ, ਜਦੋਂ ਕਿ ਪੰਚਕੂਲਾ ਵਿੱਚ ਰੁਕ-ਰੁਕ ਕੇ ਕਿਣ-ਮਿਣ ਹੁੰਦੀ ਰਹੀ ਹੈ। ਇਹ ਮੀਂਹ ਸਵੇਰੇ 10 ਵਜੇ ਦੇ ਕਰੀਬ ਸ਼ੁਰੂ ਹੋ ਕੇ ਸ਼ਾਮ ਨੂੰ ਚਾਰ ਵਜੇ ਤੱਕ ਪੈਂਦਾ ਰਿਹਾ ਹੈ। ਉੱਧਰ ਮੀਂਹ ਤੇ ਠੰਢੀਆਂ ਹਵਾਵਾਂ ਕਰਕੇ ਟ੍ਰਾਈਸਿਟੀ ਦਾ ਤਾਪਮਾਨ ਵੀ ਆਮ ਨਾਲੋਂ ਛੇ ਡਿਗਰੀ ਸੈਲਸੀਅਸ ਤੱਕ ਹੇਠਾਂ ਡਿੱਗ ਗਿਆ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਵਿੱਚ ਘੱਟ ਤੋਂ ਘੱਟ ਤਾਪਮਾਨ 9.3 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 13.7 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਹ ਆਮ ਨਾਲੋਂ 6.4 ਡਿਗਰੀ ਸੈਲਸੀਅਸ ਘੱਟ ਰਿਹਾ ਹੈ। ਇਸੇ ਤਰ੍ਹਾਂ ਮੁਹਾਲੀ ਵਿੱਚ ਘੱਟ ਤੋਂ ਘੱਟ ਤਾਪਮਾਨ 10.2 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 14.9 ਡਿਗਰੀ ਸੈਲਸੀਅਸ ਦਰਜ ਕੀਤਾ ਹੈ।

ਪੰਚਕੂਲਾ-ਕਾਲਕਾ ਕੌਮੀਮਾਰਗ ’ਤੇ ਮੀਂਹ ਦੌਰਾਨ ਲੰਘਦੇ ਹੋਏ ਰਾਹਗੀਰ। -ਫੋਟੋ: ਰਵੀ ਕੁਮਾਰ

ਦੂਜੇ ਪਾਸੇ ਮੌਸਮ ਵਿਗਿਆਨੀਆਂ ਨੇ ਚੰਡੀਗੜ੍ਹ ਟ੍ਰਾਈਸਿਟੀ ਵਿੱਚ 24, 25 ਤੇ 26 ਦਸੰਬਰ ਨੂੰ ਸੀਤ ਲਹਿਰਾਂ ਚੱਲਣ ਅਤੇ ਬੱਦਲਵਾਈ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਸੰਘਣੀ ਧੁੰਦ ਵੀ ਲੋਕਾਂ ਦੀਆਂ ਮੁਸ਼ਕਲਾਂ ਵਧਾ ਸਕਦੀ ਹੈ, ਜਦੋਂ ਕਿ 27 ਦਸੰਬਰ ਨੂੰ ਮੁੜ ਤੋਂ ਮੀਂਹ ਪੈ ਸਕਦਾ ਹੈ।

ਅੱਜ ਚੰਡੀਗੜ੍ਹ ਵਿੱਚ ਸਵੇਰੇ ਤੋਂ ਪੈ ਰਹੇ ਮੀਂਹ ਕਰਕੇ ਲੋਕ ਆਪਣੇ ਘਰਾਂ ਤੇ ਦਫ਼ਤਰਾਂ ਵਿੱਚ ਹੀ ਬੈਠੇ ਰਹੇ ਪਰ ਮੀਂਹ ਰੁਕਣ ਤੋਂ ਬਾਅਦ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੌਣਕ ਦੇਖਣ ਨੂੰ ਮਿਲੀ ਹੈ।

ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਪਿੰਡ ਮੁੱਲਾਂਪੁਰ ਗਰੀਬਦਾਸ, ਨਵਾਂ ਗਾਉਂ ਨਿਊ ਚੰਡੀਗੜ੍ਹ ਇਲਾਕੇ ਵਿੱਚ ਅੱਜ ਦੁਪਹਿਰ ਵੇਲੇ ਤੋਂ ਸ਼ੁਰੂ ਹੋ ਕੇ ਕਰੀਬ ਸਾਰਾ ਦਿਨ ਰੁਕ-ਰੁਕ ਕੇ ਕਿਣਮਿਣ ਹੁੰਦੀ ਰਹੀ। ਬਾਰਸ਼ ਕਰਕੇ ਦਰੱਖ਼ਤਾਂ ਤੋਂ ਮਿੱਟੀ-ਘੱਟਾ ਡਿੱਗ ਗਿਆ। ਕਿਸਾਨਾਂ ਅਨੁਸਾਰ ਮੀਂਹ ਕਣਕਾਂ ਦੀ ਫਸਲ ਲਈ ਲਾਭਦਾਇਕ ਹੈ।

Advertisement