ਪੰਚਾਇਤਾਂ ਦੇ ਵਿਰੋਧ ਦਾ ਮਾਮਲਾ ਮੰਤਰੀ ਕੋਲ ਪੁੱਜਾ
ਨਗਰ ਨਿਗਮ ਮੁਹਾਲੀ ਦੀ ਹੱਦਬੰਦੀ ਵਿਚ ਸ਼ਾਮਿਲ ਕੀਤੀਆਂ 15 ਪੰਚਾਇਤਾਂ ਵਿੱਚੋਂ 14 ਪੰਚਾਇਤਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਦਾ ਮਾਮਲਾ ਪੰਜਾਬ ਦੇ ਕੈਬਨਿਟ ਮੰਤਰੀ ਅਤੇ ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਕੋਲ ਪਹੁੰਚ ਗਿਆ ਹੈ। ਪਿੰਡ ਮੌਲੀ ਬੈਦਵਾਣ ਦੇ ਸਰਪੰਚ ਗੁਰਸੇਵਕ ਸਿੰਘ ਦੀ ਅਗਵਾਈ ਹੇਠ ਦਰਜਨ ਦੇ ਕਰੀਬ ਪਿੰਡਾਂ ਦੇ ਸਰਪੰਚਾਂ ਨੇ ਅੱਜ ਚੰਡੀਗੜ੍ਹ ’ਚ ਅਮਨ ਅਰੋੜਾ ਨਾਲ ਮੀਟਿੰਗ ਕੀਤੀ। ਉਨ੍ਹਾਂ ਮੰਤਰੀ ਦੇ ਧਿਆਨ ਵਿਚ ਲਿਆਂਦਾ ਕਿ ਪਿੰਡਾਂ ਨੂੰ ਨਗਰ ਨਿਗਮ ਦੀ ਹਦੂਦ ਵਿਚ ਸ਼ਾਮਲ ਕਰਨ ਤੋਂ ਪਹਿਲਾਂ ਕੋਈ ਜਾਣਕਾਰੀ ਦਿੱਤੀ ਗਈ ਅਤੇ ਸੁਝਾਅ ਜਾਂ ਇਤਰਾਜ਼ ਵੀ ਨਹੀਂ ਮੰਗੇ ਗਏ। ਉਨ੍ਹਾਂ ਨੇ ਸ੍ਰੀ ਅਰੋੜਾ ਨੂੰ 14 ਪਿੰਡਾਂ ਦੇ ਵਿਰੋਧ ਵਾਲਾ ਮੰਗ ਪੱਤਰ ਵੀ ਸੌਂਪਿਆ। ਸਰਪੰਚਾਂ ਨੇ ਕਿਹਾ ਕਿ ਲੋਕ ਆਪਣੇ ਪਿੰਡਾਂ ਦੀ ਹੋਂਦ ਤੇ ਪੰਚਾਇਤਾਂ ਬਰਕਰਾਰ ਰੱਖਣਾ ਚਾਹੁੰਦੇ ਹਨ। ਸਰਪੰਚ ਗੁਰਸੇਵਕ ਸਿੰਘ ਤੇ ਹੋਰ ਸਰਪੰਚਾਂ ਨੇ ਦੱਸਿਆ ਕਿ ਅਮਨ ਅਰੋੜਾ ਨੇ ਵਿਸ਼ਵਾਸ ਦਿਵਾਇਆ ਹੈ ਕਿ ਮੁੱਖ ਮੰਤਰੀ ਦੇ ਵਿਦੇਸ਼ ਦੌਰੇ ਤੋਂ ਪਰਤਦਿਆਂ ਹੀ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ’ਚ ਲਿਆਂਦਾ ਜਾਵੇਗਾ। ਸਰਪੰਚ ਦੇ ਦੱਸਿਆ ਕਿ 10 ਦਸੰਬਰ ਨੂੰ ਪਿੰਡ ਕੈਲੋਂ ਦੇ ਸਰਪੰਚ ਤਰਲੋਚਨ ਸਿੰਘ ਦੇ ਛੋਟੇ ਭਰਾ ਦਾ ਭੋਗ ਹੈ, ਜਿਸ ਕਾਰਨ ਪੰਚਾਇਤਾਂ ਨੇ ਜਾਮ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਲਾਂਡਰਾਂ, ਚੱਪੜਚਿੜ੍ਹੀ ਕਲਾਂ, ਚੱਪੜਚਿੜ੍ਹੀ ਖ਼ੁਰਦ, ਬੱਲੋਮਾਜਰਾ ਅਤੇ ਬਲੌਂਗੀ ਦੀ ਪੰਚਾਇਤ ਨੇ ਪੰਚਾਇਤਾਂ ਨੂੰ ਨਗਰ ਨਿਗਮ ਮੁਹਾਲੀ ਵਿਚ ਸ਼ਾਮਲ ਕਰਨ ਖ਼ਿਲਾਫ਼ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨਾਂ ਦਾਇਰ ਕੀਤੀਆਂ ਹਨ।
