ਕੁਰੜਾ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਦੀ ਉਸਾਰੀ ਦਾ ਮਾਮਲਾ ਭਖਿਆ
ਸਾਬਕਾ ਸਰਪੰਚ ਨੇ ਗਿਆਰਾਂ ਮਹੀਨੇ ਪਹਿਲਾਂ ਪੰਚਾਇਤੀ ਖਾਤੇ ਵਿੱਚੋਂ ਅਦਾਇਗੀ ਕਰਨ ਦੇ ਬਾਵਜੂਦ ਦੇਰੀ ਨਾਲ ਉਸਾਰੀ ਕਰਾਉਣ ਦਾ ਲਾਇਆ ਦੋਸ਼
Advertisement
ਮੁਹਾਲੀ ਬਲਾਕ ਦੇ ਪਿੰਡ ਕੁਰੜਾ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਦੀ ਅੱਜ ਆਰੰਭ ਹੋਈ ਉਸਾਰੀ ਦਾ ਮਾਮਲਾ ਗਰਮਾ ਗਿਆ ਹੈ। ਪਿੰਡ ਦੇ ਸਾਬਕਾ ਸਰਪੰਚ ਦਵਿੰਦਰ ਸਿੰਘ, ਹਰਦੀਪ ਸਿੰਘ, ਜਸਵਿੰਦਰ ਸਿੰਘ, ਗਿਆਨ ਸਿੰਘ, ਗੁਲਜ਼ਾਰ ਸਿੰਘ, ਮਲਕੀਤ ਸਿੰਘ, ਨਰਿੰਦਰ ਸਿੰਘ ਅਤੇ ਹਾਕਮ ਸਿੰਘ ਨੇ ਦੋਸ਼ ਲਗਾਇਆ ਕਿ ਇਸ ਪ੍ਰਾਜੈਕਟ ਦੇ 1 ਲੱਖ 72 ਹਜ਼ਾਰ ਰੁਪਏ ਦੀ ਅਦਾਇਗੀ ਸਤੰਬਰ 2024 ਵਿੱਚ ਪੰਚਾਇਤੀ ਖਾਤੇ ਵਿੱਚੋਂ ਕਢਵਾਈ ਗਈ ਸੀ ਪਰ ਉਸਾਰੀ ਨਹੀਂ ਕਰਵਾਈ ਗਈ।ਸਾਬਕਾ ਸਰਪੰਚ ਨੇ ਕਿਹਾ ਕਿ ਪੈਸੇ ਕਢਾਉਣ ਦੇ ਬਾਵਜੂਦ ਸੋਲਿਡ ਵੇਸਟ ਮੈਨੇਜਮੈਂਟ ਦਾ ਪਲਾਂਟ ਨਾ ਲਾਏ ਜਾਣ ਸਬੰਧੀ ਉਨ੍ਹਾਂ ਉੱਚ ਅਧਿਕਾਰੀਆਂ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਪੈਸੇ ਉਦੋਂ ਕਢਾਏ ਗਏ ਸਨ, ਜਦੋਂ ਪੰਚਾਇਤਾਂ ਦੀ ਮਿਆਦ ਭੰਗ ਹੋ ਚੁੱਕੀ ਸੀ ਅਤੇ ਪ੍ਰਬੰਧਕ ਵੱਲੋਂ ਹੀ ਪੈਸੇ ਕਢਾ ਕੇ ਕੰਮ ਨਹੀਂ ਕਰਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ, ਜਿਸ ਕਾਰਨ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਹੁਣ ਇਸ ਪ੍ਰਾਜੈਕਟ ਦੀ ਉਸਾਰੀ ਆਰੰਭ ਕਰ ਦਿੱਤੀ ਗਈ ਹੈ। ਸਾਬਕਾ ਸਰਪੰਚ ਤੇ ਹੋਰਨਾਂ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਗਿਆਰਾਂ ਮਹੀਨੇ ਪੈਸੇ ਕਢਾਉਣ ਦੇ ਬਾਵਜੂਦ ਉਸਾਰੀ ਨਾ ਕਰਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਮੁਹਾਲੀ ਦੇ ਬੀਡੀਪੀਓ ਧਨਵੰਤ ਸਿੰਘ ਰੰਧਾਵਾ ਨੇ ਆਖਿਆ ਕਿ ਜਿੱਥੇ ਪ੍ਰਾਜੈਕਟ ਬਣਨਾ ਸੀ, ਉਸ ਥਾਂ ਦਾ ਕੋਈ ਝਗੜਾ ਸੀ। ਉਨ੍ਹਾਂ ਕਿਹਾ ਕਿ ਮੁੜ ਨੀਵੀਂ ਥਾਂ ਹੋਣ ਕਾਰਨ ਪਾਣੀ ਭਰ ਗਿਆ। ਉਨ੍ਹਾਂ ਕਿਹਾ ਕਿ ਪਾਣੀ ਕੱਢ ਕੇ ਸਬੰਧਤ ਥਾਂ ਵਿੱਚ ਭਰਤ ਪਾਉਣ ਉਪਰੰਤ ਪ੍ਰਾਜੈਕਟ ਦੀ ਉਸਾਰੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਬੰਧਕ ਵੱਲੋਂ ਸਾਮਾਨ ਦੀ ਅਦਾਇਗੀ ਕੀਤੀ ਗਈ ਸੀ ਤੇ ਸਾਮਾਨ ਸਾਰਾ ਉਸੇ ਸਮੇਂ ਦਾ ਪਿੰਡ ਵਿੱਚ ਮੌਜੂਦ ਸੀ।
Advertisement
ਮਾਮਲੇ ਨਾਲ ਲੈਣਾ-ਦੇਣਾ ਨਹੀਂ: ਸਰਪੰਚ
ਪਿੰਡ ਕੁਰੜਾ ਦੇ ਸਰਪੰਚ ਮੁਖਤਿਆਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਬੰਧਕ ਦੇ ਸਮੇਂ ਦਾ ਮਾਮਲਾ ਹੈ। ਸਾਮਾਨ ਪਿੰਡ ਵਿੱਚ ਰੱਖਿਆ ਹੋਇਆ ਸੀ, ਉਸਾਰੀ ਹੁਣ ਕੀਤੀ ਜਾ ਰਹੀ ਹੈ।
Advertisement