ਭਾਰਤ ਤੇ ਆਸਟ੍ਰੇਲੀਆ ਦੀਆਂ ਮਹਿਲਾ ਕ੍ਰਿਕਟ ਟੀਮਾਂ ਵਿਚਾਲੇ ਮੈਚ ਭਲਕੇ
ਨਿਊ ਚੰਡੀਗੜ੍ਹ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਅੰਤਰ-ਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਖੇ 14 ਅਤੇ 17 ਸਤੰਬਰ ਨੂੰ ਭਾਰਤ ਤੇ ਆਸਟ੍ਰੇਲੀਆ ਦੀਆਂ ਮਹਿਲਾ ਕ੍ਰਿਕਟ ਟੀਮਾਂ ਵਿਚਕਾਰ ਖੇਡੀ ਜਾ ਰਹੀ ਇੱਕ ਰੋਜ਼ਾ ਲੜੀ ਲਈ ਭਾਰਤੀ ਤੇ ਆਸਟ੍ਰੇਲੀਆ ਦੀਆਂ ਮਹਿਲਾ ਟੀਮਾਂ ਨੇ ਅੱਜ ਅਭਿਆਸ ਸੈਸ਼ਨ ਵਿਚ ਹਿੱਸਾ ਲਿਆ। ਦੋਹਾਂ ਟੀਮਾਂ ਨੇ ਮੈਚ ਦੀ ਤਿਆਰੀ ਲਈ ਸਟੇਡੀਅਮ ਵਿਚ ਸਖ਼ਤ ਅਭਿਆਸ ਕੀਤਾ। ਇਸੇ ਦੌਰਾਨ ਜ਼ਿਲ੍ਹਾ ਮੁਹਾਲੀ ਦੇ ਐੱਸਐੱਸਪੀ ਹਰਮਨਦੀਪ ਸਿੰਘ ਹਾਂਸ ਨੇ ਇੱਕ ਮੀਟਿੰਗ ਕਰਕੇ ਮੈਚ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਆਸਟ੍ਰੇਲੀਆ ਦੀ ਟੀਮ ਨੇ ਬਾਅਦ ਦੁਪਹਿਰ ਦੋ ਵਜੇ ਤੋਂ ਪੰਜ ਵਜੇ ਤੱਕ ਜਦ ਕਿ ਭਾਰਤੀ ਮਹਿਲਾ ਟੀਮ ਸ਼ਾਮ ਛੇ ਵਜੇ ਤੋਂ ਨੌਂ ਵਜੇ ਤੱਕ ਮੈਚ ਦਾ ਅਭਿਆਸ ਕੀਤਾ। ਪੀਸੀਏ ਦੇ ਨਿਊ ਚੰਡੀਗੜ੍ਹ ਵਿਚਲੇ ਨਵੇਂ ਸਟੇਡੀਅਮ ਵਿਚ ਪਹਿਲੀ ਵਾਰ ਕੋਈ ਅੰਤਰਰਾਸ਼ਟਰੀ ਮੈਚ ਖੇਡਿਆ ਜਾਵੇਗਾ। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੇ ਨਾਲ ਹੋਰ ਖਿਡਾਰਨਾਂ ਨੇ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦਾ ਸਖ਼ਤ ਅਭਿਆਸ ਕੀਤਾ।
ਭਾਰਤੀ ਮਹਿਲਾ ਟੀਮ ਵਿਚ ਹਰਮਨਪ੍ਰੀਤ ਕੌਰ ਕਪਤਾਨ, ਸਮ੍ਰਿਤੀ ਮੰਧਾਨਾ ਉਪ-ਕਪਤਾਨ, ਪ੍ਰਤੀਕਾ ਰਾਵਲ, ਹਰਲੀਨ ਦਿਉਲ, ਦੀਪਤੀ ਸ਼ਰਮਾ, ਜੇਮੀਮਾ ਰੌਡਰਿਗਜ਼, ਰੇਣੁਕਾ ਸਿੰਘ ਠਾਕੁਰ, ਅਰੁੰਧਤੀ ਰੈੱਡੀ, ਰਿਚਾ ਘੋਸ਼, ਕ੍ਰਾਂਤੀ ਗੌੜ, ਸਯਾਲੀ ਸਤਘੜੇ, ਰਾਧਾ ਯਾਦਵ, ਸ਼੍ਰੀ ਚਰਾਨੀ, ਯਸਤਿਕਾ ਭਾਟ ਤੇ ਸਨੇਹ ਰਾਣਾ ਸ਼ਾਮਲ ਹਨ।
ਆਸਟ੍ਰੇਲੀਆ ਮਹਿਲਾ ਕ੍ਰਿਕਟ ਟੀਮ ਵਿੱਚ ਐਲਿਸਾ ਹੀਲੀ ਕਪਤਾਨ, ਟਾਹਲੀਆ ਮੈਕਗ੍ਰਾਥ ਉਪ-ਕਪਤਾਨ, ਡਾਰਸੀ ਬ੍ਰਾਊਨ, ਨਿਕੋਲ ਫਾਲਟਮ, ਐਸ਼ਲੇ ਗਾਰਡਨਰ, ਕਿਮ ਗਾਰਥ, ਗ੍ਰੇਸ ਹੈਰਿਸ, ਅਲਾਨਾ ਕਿੰਗ, ਚਾਰਲੀ ਨੌਟ, ਫੋਬੀ ਲਿਚਫੀਲਡ, ਸੋਫੀ ਮੋਲੀਨੇਕਸ, ਬੈਥ ਮੂਨੀ, ਐਲਿਸ ਪੈਰੀ, ਮੇਗਨ, ਐਨਾਬੇਲ, ਜਾਰਜੀਆ ਵੋਲ, ਜਾਰਜੀਆ ਵੇਅਰਹੈਮ ਸ਼ਾਮਲ ਹਨ।