ਕੇਸ ਦਰਜ ਹੋਣ ਤੋਂ ਬਾਅਦ ਜਾਮ ਖੋਲ੍ਹਿਆ
ਭਾਜਪਾ ਆਗੂ ਦੀ ਗੱਡੀ ਵੱਲੋਂ ਸਾਈਡ ਦੇਣ ਤੋਂ ਹੋਈ ਤਕਰਾਰ ਤੋਂ ਬਾਅਦ ਕੁਰਾਲੀ-ਸਿਸਵਾਂ-ਚੰਡੀਗੜ੍ਹ ਮਾਰਗ ’ਤੇ ਮਾਜਰੀ ਚੌਕ ਵਿੱਚ ਕੀਤਾ ਚੱਕਾ ਜਾਮ ਪੁਲੀਸ ਵੱਲੋਂ ਕੇਸ ਦਰਜ ਕਰਨ ਮਗਰੋਂ ਖ਼ਤਮ ਕਰ ਦਿੱਤਾ ਗਿਆ। ਦੇਰ ਰਾਤ ਪੁਲੀਸ ਨੇ ਦੋ ਅਣਪਛਾਤਿਆਂ ਸਣੇ ਤਿੰਨ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
‘ਸ੍ਰੀ ਚਮਕੌਰ ਸਾਹਿਬ ਮੋਰਚੇ’ ਦੇ ਆਗੂ ਖੁਸ਼ਇੰਦਰ ਸਿੰਘ ਜੰਡ ਸਾਹਿਬ ਤੇ ਭਾਜਪਾ ਆਗੂ ਕਮਲਦੀਪ ਸੈਣੀ ਦੀਆਂ ਗੱਡੀਆਂ ਵਿੱਚ ਸਾਈਡ ਦੇਣ ਤੋਂ ਹੋਈ ਤਕਰਾਰ ਤੇ ਪੁਲੀਸ ਵੱਲੋਂ ਭਾਜਪਾ ਆਗੂ ਨੂੰ ਸਾਥੀਆਂ ਸਣੇ ਜਾਣ ਦੇਣ ਤੋਂ ਰੋਹ ਵਿੱਚ ਆਈਆਂ ਕਿਸਾਨ ਜਥੇਬੰਦੀਆਂ ਤੇ ਮੋਰਚੇ ਨੇ ਮਾਜਰੀ ਚੌਕ ਵਿੱਚ ਜਾਮ ਲਗਾ ਦਿੱਤਾ ਸੀ। ਇਸੇ ਦੌਰਾਨ ਪੀੜਤ ਖੁਸ਼ਇੰਦਰ ਸਿੰਘ ਨੇ ਮਾਜਰੀ ਪੁਲੀਸ ਨੂੰ ਲਿਖਤੀ ਸ਼ਿਕਾਇਤ ਕਰਦਿਆਂ ਇਨਸਾਫ਼ ਤੇ ਕਾਰਵਾਈ ਦੀ ਮੰਗ ਕੀਤੀ। ਖੁਸ਼ਇੰਦਰ ਸਿੰਘ ਨੇ ਕਿਹਾ ਕਿ ਸੰਘਰਸ਼ ਕਮੇਟੀ ਦਾ ਮੈਂਬਰ ਹੋਣ ਕਾਰਨ ਉਨ੍ਹਾਂ ਨੂੰ ਪਹਿਲਾਂ ਹੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਕਿ ਇਹ ਹਮਲਾ ਉਨ੍ਹਾਂ ਧਮਕੀਆਂ ਦਾ ਹਿੱਸਾ ਵੀ ਹੋ ਸਕਦਾ ਹੈ।
ਥਾਣਾ ਮਾਜਰੀ ਦੇ ਐੱਸ ਐੱਚ ਓ ਯੋਗੇਸ਼ ਕੁਮਾਰ ਨੇ ਧਰਨੇ ਵਿੱਚ ਜਾ ਕੇ ਪੀੜਤ ਖੁਸ਼ਇੰਦਰ ਸਿੰਘ ਦੀ ਲਿਖਤੀ ਸ਼ਿਕਾਇਤ ਪ੍ਰਾਪਤ ਕਰਦਿਆਂ ਕਾਰਵਾਈ ਦਾ ਭਰੋਸਾ ਦਿੱਤਾ। ਪੁਲੀਸ ਨੇ ਕੁਝ ਸਮੇਂ ਵਿੱਚ ਹੀ ਮਨੀਸ਼ ਗੌਤਮ ਅਤੇ ਦੋ ਅਣਪਛਾਤਿਆਂ ਖ਼ਿਲਾਫ਼ ਕੇਸ ਵੀ ਦਰਜ ਕਰ ਲਿਆ।
ਸਾਰੇ ਦੋਸ਼ ਬੇਬੁਨਿਆਦ: ਸੈਣੀ
ਭਾਜਪਾ ਆਗੂ ਕਲਮਦੀਪ ਸੈਣੀ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਖੁਸ਼ਇੰਦਰ ਸਿੰਘ ਨੇ ਹਾਰਨ ਵਜਾਉਣ ਦੇ ਬਾਵਜੂਦ ਉਨ੍ਹਾਂ ਦੀ ਗੱਡੀ ਨੂੰ ਸਾਈਡ ਨਹੀਂ ਦਿੱਤੀ। ਉਨ੍ਹਾਂ ਦੇ ਡਰਾਈਵਰ ਨੇ ਖੱਬੇ ਪਾਸੇ ਤੋਂ ਗੱਡੀ ਅੱਗੇ ਕੱਢ ਲਈ ਤਾਂ ਖੁਸ਼ਇੰਦਰ ਸਿੰਘ ਨੇ ਆਪਣੀ ਗੱਡੀ ਅੱਗੇ ਲਗਾ ਕੇ ਉਨ੍ਹਾਂ ਦੀ ਗੱਡੀ ਰੋਕ ਲਈ ਤੇ ਡਰਾਈਵਰ ਨਾਲ ਖਿੱਚ-ਧੂਹ ਕੀਤੀ। ਉਨ੍ਹਾਂ ਖੁਸ਼ਇੰਦਰ ਨੂੰ ਕੋਈ ਧਮਕੀ ਨਹੀਂ ਦਿੱਤੀ।
