ਘੱਗਰ ’ਤੇ ਲਾਏ ਜਾ ਰਹੇ ਬੰਨ੍ਹ ਦਾ ਮਾਮਲਾ ਡੀਸੀ ਦਰਬਾਰ ਪੁੱਜਿਆ
ਕਿਸਾਨ ਜਥੇਬੰਦੀਆਂ ਵੱਲੋਂ ਘੱਗਰ ਦਰਿਆ ’ਤੇ ਪਿੰਡ ਟਿਵਾਣਾ ਨੇੜੇ ਉਸਾਰੇ ਜਾ ਰਹੇ ਬੰਨ ਅਤੇ ਪ੍ਰਸ਼ਾਸਨ ਵੱਲੋਂ ਬਣਾਈ ਗਈ ਪੱਥਰਾਂ ਦੀ ਕੰਧ ਦਾ ਮਾਮਲਾ ਮੁਹਾਲੀ ਦੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ ਦਰਬਾਰ ਪਹੁੰਚ ਗਿਆ ਹੈ। ਅੱਧੀ ਦਰਜਨ ਦੇ ਕਰੀਬ ਪੰਚਾਇਤਾਂ ਨੇ ਡੀਸੀ ਨੂੰ ਮੰਗ ਪੱਤਰ ਸੌਂਪ ਕੇ ਉਸਾਰੇ ਜਾ ਰਹੇ ਬੰਨ ਨੂੰ ਹੇਠਲੇ ਪਿੰਡਾਂ ਨੂੰ ਖ਼ਤਰਾ ਦੱਸਿਆ ਹੈ। ਪਿੰਡ ਝੱਜੋਂ, ਬੁੱਢਣਪੁਰ, ਬਾਸਮਾਂ, ਬਾਸਮਾਂ ਕਲੋਨੀ, ਨੱਗਲ ਸਲੇਮਪੁਰ, ਛੜਬੜ੍ਹ, ਮਨੌਲੀ ਸੂਰਤ, ਤੇਪਲਾ ਦੀਆਂ ਪੰਚਾਇਤਾਂ, ਨੰਬਰਦਾਰਾਂ ਅਤੇ ਪੰਚਾਂ ਦੀਆਂ ਮੋਹਰਾਂ ਵਾਲੀ ਦਰਖਾਸਤ ਚੌਧਰੀ ਰਵਿੰਦਰ ਸਿੰਘ, ਕਰਨੈਲ ਸਿੰਘ, ਭਰਪੂਰ ਸਿੰਘ, ਗੁਰਮੀਤ ਸਿੰਘ, ਰਾਮ ਸਿੰਘ, ਭਾਗ ਸਿੰਘ, ਬਲਵਿੰਦਰ ਸਿੰਘ ਆਦਿ ਨੇ ਡਿਪਟੀ ਕਮਿਸ਼ਨਰ ਨੂੰ ਸੌਂਪੀ। ਇਹ ਦਰਖ਼ਾਸਤ ਰਾਜਪੁਰਾ ਹਲਕੇ ਦੀ ਵਿਧਾਇਕਾ ਨੀਨਾ ਮਿੱਤਲ ਵੱਲੋਂ ਫਾਰਵਰਡ ਕੀਤੀ ਗਈ ਹੈ ਤੇ ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਲੋੜੀਂਦੀ ਕਾਰਵਾਈ ਲਈ ਲਿਖਿਆ ਹੈ।
ਪਿੰਡਾਂ ਦੀ ਪੰਚਾਇਤਾਂ ਨੇ ਕਿਹਾ 2023 ਵਿਚ ਝੱਜੋਂ-ਬੁੱਢਣਪੁਰ ਨੇੜੇ ਘੱਗਰ ਦਾ ਬੰਨ ਪਹਿਲਾਂ ਹੀ ਟੁੱਟ ਚੁੱਕਿਆ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਤੋਂ ਸਾਰੇ ਮਾਮਲੇ ਵਿਚ ਦਖ਼ਲ ਦੀ ਮੰਗ ਕਰਦਿਆਂ ਇੰਜਨੀਅਰਾਂ ਦੀ ਮਦਦ ਨਾਲ ਸਾਰੀ ਕਾਰਵਾਈ ਅਮਲ ਵਿਚ ਲਿਆਉਣ ਦੀ ਮੰਗ ਕੀਤੀ। ਵਫ਼ਦ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਇੱਕ ਹਫ਼ਤੇ ਦੇ ਅੰਦਰ ਵੱਖ-ਵੱਖ ਵਿਭਾਗਾਂ ਕੋਲੋਂ ਸਾਰੇ ਮਾਮਲੇ ਦੀ ਰਿਪੋਰਟ ਹਾਸਲ ਕਰਕੇ ਅਗਲੇਰੀ ਕਾਰਵਾਈ ਕਰਨਗੇ।