ਕਬਰਿਸਤਾਨ ਦੀ ਜਗ੍ਹਾ ਦਾ ਮਾਮਲਾ ਭਖਿਆ
ਮੋਰਿੰਡਾ ਵਿੱਚ ਕ੍ਰਿਸਚਨ ਭਾਈਚਾਰੇ ਨੇ ਇਕ ਕਲੋਨਾਈਜ਼ਰ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਥਿਤ ਮਿਲੀ ਭੁਗਤ ਨਾਲ ਕਬਰਿਸਤਾਨ ਦੀ ਜਗ੍ਹਾ ਵਾਹੁਣ ਦਾ ਦੋਸ਼ ਲਗਾਉਂਦਿਆਂ ਇਹ ਮਾਮਲਾ ਪੰਜਾਬ ਦੇ ਘੱਟ ਗਿਣਤੀ ਕਮਿਸ਼ਨ ਤੱਕ ਪਹੁੰਚਾ ਦਿੱਤਾ ਹੈ। ਕਮਿਸ਼ਨ ਦੇ ਮੈਂਬਰਾਂ ਵੱਲੋਂ ਅੱਜ ਕਬਰਿਸਤਾਨ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ ਗਿਆ। ਚਰਚ ਕਮੇਟੀ ਮੋਰਿੰਡਾ ਦੇ ਪ੍ਰਧਾਨ ਮੇਜਰ ਸਿੰਘ ਤੇ ਚੇਅਰਮੈਨ ਪਾਸਟਰ ਸੰਤ ਸਿੰਘ ਮੋਰਿੰਡਾ ਨੇ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੂੰ ਭੇਜੀ ਗਈ ਸ਼ਿਕਾਇਤ ਵਿੱਚ ਦੱਸਿਆ ਕਿ ਸਰਕਾਰ ਵੱਲੋਂ ਮੋਰਿੰਡਾ ਸ਼ਹਿਰ ਵਿੱਚ ਇਸਾਈ ਭਾਈਚਾਰੇ ਨੂੰ ਕਬਰਿਸਤਾਨ ਲਈ 5 ਬਿਘੇ 16 ਵਿਸਵੇ ਜਗ੍ਹਾ ਅਲਾਟ ਕੀਤੀ ਗਈ ਸੀ ਪਰ ਉਸ ਜਗ੍ਹਾ ’ਤੇ ਮੋਰਿੰਡਾ ਦੇ ਇੱਕ ਕਲੋਨਾਈਜ਼ਰ ਨੇ ਜਗ੍ਹਾ ’ਤੇ ਪਸ਼ੂਆਂ ਦੇ ਚਾਰੇ ਲਈ ਚਰ੍ਹੀ ਬੀਜ ਦਿੱਤੀ ਹੈ। ਅੱਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਦਰਸ਼ਨ ਮਸੀਹ ਅਤੇ ਸਲਾਮ ਅਲੀ ਵੱਲੋਂ ਕਬਰਿਸਤਾਨ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਇਸ ਮਗਰੋਂ ਮੈਂਬਰਾਂ ਨੇ ਡਿਪਟੀ ਕਮਿਸ਼ਨਰ ਤੇ ਐੱਸ ਐੱਸ ਪੀ ਨਾਲ ਗੱਲਬਾਤ ਕਰਕੇ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ। ਦੂਜੇ ਪਾਸੇ ਮੋਰਿੰਡਾ ਚੁੰਨੀ ਰੋਡ ’ਤੇ ਸਥਿਤ ਕਬਰਿਸਤਾਨ ਦੇ ਨਾਲ ਪਈ ਸਰਕਾਰੀ ਸ਼ਾਮਲਾਟ ਜਗ੍ਹਾ ’ਤੇ ਮੁਰਦੇ ਦਫਨਾਉਣ ਨੂੰ ਲੈ ਕੇ ਮੁਹੱਲਾ ਵਾਸੀਆਂ ਵਿੱਚ ਰੋਸ ਹੈ। ਇਸ ਸਬੰਧੀ ਮਹਿਲਾ ਆਗੂ ਜਸਵੀਰ ਕੌਰ, ਮਨਪ੍ਰੀਤ ਕੌਰ, ਕਰਮਜੀਤ ਕੌਰ, ਹਰਮਨ ਧੀਮਾਨ, ਚਰਨ ਸਿੰਘ, ਕਰਨਵੀਰ ਸਿੰਘ, ਆਰਸ਼ਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਸਤਵਿੰਦਰ ਸਿੰਘ ਆਦਿ ਨੇ ਮਸੀਹ ਭਾਈਚਾਰੇ ਦੇ ਲੋਕ ਉਨ੍ਹਾਂ ਦੇ ਆਪਣੇ ਹਨ ਪਰ ਕ੍ਰਿਸਚਨ ਭਾਈਚਾਰੇ ਦੇ ਇੱਕ ਆਗੂ ਦੀ ਸ਼ਹਿ ’ਤੇ ਕਬਰਿਸਤਾਨ ਦੇ ਨਾਲ ਲੱਗਦੀ ਕਰੀਬ 5 ਵਿਘੇ ਦੀ ਜ਼ਮੀਨ ਵਿੱਚ ਮੁਰਦਿਆਂ ਨੂੰ ਦਫਨਾਉਣਾ ਸ਼ੁਰੂ ਕਰ ਦਿੱਤਾ। ਐੱਸ ਡੀ ਐੱਮ ਸੁਖਪਾਲ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਮਾਲ ਵਿਭਾਗ ਤੇ ਪੁਲੀਸ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਯੋਗ ਕਾਰਵਾਈ ਕੀਤੀ ਜਾ ਰਹੀ ਹੈ। ਡੀ ਐੱਸ ਪੀ ਗੁਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
