ਕਮਿਸ਼ਨਰ ਕੋਲ ਵਿਕਾਸ ਕਾਰਜਾਂ ਦਾ ਮੁੱਦਾ ਚੁੱਕਿਆ
ਚੰਡੀਗੜ੍ਹ ਨਗਰ-ਨਿਗਮ ਦੇ ਕਾਂਗਰਸੀ ਕੌਂਸਲਰਾਂ ਨੇ ਸ਼ਹਿਰ ਵਿੱਚ ਪਏ ਅਧੂਰੇ ਕਾਰਜਾਂ ਅਤੇ ਹੋਰ ਕਈ ਸਮੱਸਿਆਵਾਂ ਨੂੰ ਲੈ ਕੇ ਅੱਜ ਪਾਰਟੀ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਦੀ ਅਗਵਾਈ ਹੇਠ ਨਿਗਮ ਕਮਿਸ਼ਨਰ ਅਮਿਤ ਕੁਮਾਰ ਨਾਲ ਮੁਲਾਕਾਤ ਕੀਤੀ। ਵਫਦ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਲੰਬੇ ਸਮੇਂ ਤੋਂ ਰੁਕੇ ਪਏ ਵਿਕਾਸ ਕਾਰਜਾਂ ਤੇ ਨਾਗਰਿਕ ਸਮੱਸਿਆਵਾਂ ਬਾਰੇ ਨਾਲ ਚਰਚਾ ਕੀਤੀ।
ਕੌਂਸਲਰਾਂ ਨੇ ਆਪਣੇ-ਆਪਣੇ ਵਾਰਡਾਂ ਵਿੱਚ ਅਧੂਰੇ ਵਿਕਾਸ ਪ੍ਰੋਜੈਕਟਾਂ ਦੀ ਸਥਿਤੀ ਬਾਰੇ ਗੰਭੀਰ ਚਿੰਤਾ ਜਤਾਈ। ਉਨ੍ਹਾਂ ਨੇ ਖਰਾਬ ਸੜਕਾਂ, ਗਟਰਾਂ ਨਾਲ਼ੀਆਂ ਤੇ ਬਾਰਿਸ਼ ਦੇ ਪਾਣੀ ਦੀ ਨਿਕਾਸੀ ਮਾੜੀ ਹਾਲਤ, ਸੜਕਾਂ ਉੱਤੇ ਰੌਸ਼ਨੀ ਦੀ ਕਮੀ, ਸਫਾਈ ਪ੍ਰਬੰਧਾਂ ਤੇ ਹੋਰ ਜਰੂਰੀ ਸਹੂਲਤਾਂ ਨਾਲ ਜੁੜੀਆਂ ਸਮੱਸਿਆਵਾਂ ਦੱਸੀਆਂ। ਇਸ ਤੋਂ ਇਲਾਵਾ ਕਈ ਵਾਰਡਾਂ ਵਿੱਚ ਸੀ ਸੀ ਟੀ ਵੀ ਕੈਮਰੇ ਲਾਉਣੇ ਬਾਕੀ ਹੈ। ਇਹ ਵੀ ਦੱਸਿਆ ਕਿ ਕਈ ਵਿਕਾਸ ਕਾਰਜਾਂ ਦੀਆਂ ਪ੍ਰਸ਼ਾਸਕੀ ਮਨਜ਼ੂਰੀਆਂ ਮਿਲ ਚੁੱਕੀਆਂ ਹੋਈਆਂ ਹਨ ਪ੍ਰੰਤੂ ਟੈਂਡਰ ਹਾਲੇ ਤੱਕ ਨਹੀਂ ਲਾਏ ਜਾ ਰਹੇ। ਕਾਂਗਰਸ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਨੇ ਵਿਕਾਸ ਪ੍ਰਾਜੈਕਟਾਂ ਦੇ ਕੰਮ-ਕਾਜ ਵਿੱਚ ਹੋ ਰਹੀ ਦੇਰੀ ਉਤੇ ਗੰਭੀਰ ਨਾਰਾਜ਼ਗੀ ਪ੍ਰਗਟਾਈ ਤੇ ਕਿਹਾ ਕਿ ਇਸ ਅਣਗਹਿਲੀ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਉਨ੍ਹਾਂ ਨੇ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਸਾਰੇ ਅਧੂਰੇ ਪ੍ਰੋਜੈਕਟਾਂ ਨੂੰ ਤੁਰੰਤ ਤਰਜੀਹ ਦੇ ਕੇ ਪੂਰਾ ਕੀਤਾ ਜਾਵੇ ਤਾਂ ਜੋ ਨਾਗਰਿਕਾਂ ਨੂੰ ਰਾਹਤ ਮਿਲ ਸਕੇ। ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਸਾਰੀਆਂ ਸਮੱਸਿਆਵਾਂ ਦੇ ਜਲਦ ਹੱਲ ਕੱਢੇ ਜਾਵੇਗਾ।
