ਟਿੱਪਰਾਂ ’ਤੇ ਰੋਕ ਦਾ ਮਾਮਲਾ ਭਖਿਆ
ਕਾਹਨਪੁਰ ਖੂਹੀ ਤੋਂ ਭੰਗਲਾਂ ਮੇਨ ਸੜਕ ’ਤੇ ਟਿੱਪਰਾਂ ਦੇ ਦਾਖ਼ਲੇ ’ਤੇ ਲਾਈ ਪਾਬੰਦੀ ਮਾਮਲਾ ਭਖ਼ਦਾ ਨਜ਼ਰ ਆ ਰਿਹਾ ਹੈ। ਟਿੱਪਰ ਮਾਲਕਾਂ ਨੇ ਅੱਜ ਐੱਸ ਡੀ ਐੱਮ ਸ੍ਰੀ ਆਨੰਦਪੁਰ ਸਾਹਿਬ ਨਾਲ ਮੀਟਿੰਗ ਕਰ ਕੇ ਆਪਣੀਆਂ ਸਮੱਸਿਆਵਾਂ ਦੱਸੀਆਂ। ਦੂਜੇ ਪਾਸੇ, ਕਈ ਪਿੰਡਾਂ ਦੀ ਸਰਪੰਚਾਂ ਨੇ ਟਿੱਪਰਾਂ ਦੀ ਪਾਬੰਦੀ ਜਾਰੀ ਰੱਖਣ ਦਾ ਐਲਾਨ ਕਰਦਿਆਂ ਕਿਹਾ ਕਿ ਟਿੱਪਰਾਂ ਕਾਰਨ ਉੱਡ ਰਹੀ ਧੂੜ ਕਾਰਨ ਲੋਕ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਓਵਰਲੋਡ ਟਿੱਪਰਾਂ ਨਾਲ ਸੜਕਾਂ ਖ਼ਰਾਬ ਹੋ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪੀੜਤ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਟਿੱਪਰਾਂ ਦੀ ਆਵਾਜਾਈ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ।
ਅੱਜ ਰੈਸਟ ਹਾਊਸ ਕਾਹਨਪੁਰ ਖੂਹੀ ’ਤੇ ਟਿੱਪਰ ਮਾਲਕਾਂ ਦੀ ਮੀਟਿੰਗ ਸ੍ਰੀ ਆਨੰਦਪੁਰ ਸਾਹਿਬ ਦੇ ਐੱਸ ਡੀ ਐੱਮ ਨਾਲ ਹੋਈ। ਇਸ ਵਿੱਚ ਟਿੱਪਰ ਮਾਲਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਸਮਾਂ ਇਸ ਸੜਕ ’ਤੇ ਟਿੱਪਰ ਲੰਘਾਉਣ ਦੀ ਆਗਿਆ ਦਿੱਤੀ ਜਾਵੇ। ਟਿੱਪਰਾਂ ਦਾ ਦਾਖ਼ਲਾ ਬੰਦ ਕਰਨ ਨਾਲ ਉਨ੍ਹਾਂ ਕੰਮ ਪ੍ਰਭਾਵਤ ਹੋਇਆ ਹੈ। ਉਨ੍ਹਾਂ ਦੀ ਕਾਰਜੇ ਦੀ ਕਿਸ਼ਤਾਂ ਟੁੱਟ ਗਈਆਂ ਹਨ। ਦੂਜੇ ਪਾਸੇ, ਕੁਝ ਦੁਕਾਨਦਾਰਾਂ ਨੇ ਵੀ ਟਿੱਪਰ ਬੰਦ ਹੋਣ ਨਾਲ ਉਨ੍ਹਾਂ ਦੀ ਕੰਮ ਘਟਣ ਦੀ ਗੱਲ ਆਖੀ ਹੈ।
ਦੂਜੇ ਪਾਸੇ, ਪਿੰਡਾਂ ਦੇ ਲੋਕਾਂ ਨੇ ਟਿੱਪਰ ਚੱਲਣ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਦਿਨ ਵੇਲੇ ਟਿੱਪਰ ਬੰਦ ਹੋਣ ਨਾਲ ਉਨ੍ਹਾਂ ਨੇ ਸੁੱਖ ਦਾ ਸਾਹ ਲਿਆ ਹੈ। ਸਰਪੰਚ ਗੁਰਮੀਤ ਸਿੰਘ ਸੰਧੂ ਨੇ ਕਿਹਾ ਕਿ ਲੋਕ ਹੁਣ ਖੁਸ਼ ਹਨ। ਉਨ੍ਹਾਂ ਕਿਹਾ ਕਿ ਓਵਰਲੋਡ ਟਿੱਪਰਾਂ ਨੇ ਸੜਕ ਨੂੰ ਬੁਰੀ ਤਰ੍ਹਾਂ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸੜਕ ਪੰਜ ਟਨ ਭਾਰੇ ਵਾਹਨਾਂ ਲਈ ਪਾਸ ਹੈ।