ਸੋਹਾਣਾ ਤੋਂ ਲਾਂਡਰਾਂ ਸੜਕ ਦੀ ਹਾਲਤ ‘ਬੇਹੱਦ’ ਖਸਤਾ
ਸੋਹਾਣਾ ਤੋਂ ਲਾਂਡਰਾਂ ਨੂੰ ਜਾਂਦੀ ਸੜਕ ਦਾ ਸੋਹਾਣਾ ਪਿੰਡ ਵਿੱਚੋਂ ਲੰਘਦਾ ਟੋਟਾ ਬੁਰੀ ਤਰਾਂ ਖ਼ਰਾਬ ਹੋ ਚੁੱਕਾ ਹੈ। ਇਸ ਵਿਚ ਥਾਂ-ਥਾਂ ਟੋਏ ਪੈ ਗਏ ਹਨ। ਬਰਸਾਤ ਕਾਰਨ ਇਨ੍ਹਾਂ ਟੋਇਆਂ ਵਿਚ ਪਾਣੀ ਭਰਿਆ ਰਹਿੰਦਾ ਹੈ, ਜਿਸ ਕਾਰਨ ਗੁਰਦੁਆਰਾ ਸਿੰਘ ਸ਼ਹੀਦਾਂ ਆਉਂਦੀ ਸੰਗਤ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਹਾਣਾ ਦੇ ਨੰਬਰਦਾਰ ਹਰਵਿੰਦਰ ਸਿੰਘ ਕਾਲਾ ਨੇ ਦੱਸਿਆ ਕਿ ਇਸ ਸੜਕ ਉੱਤੇ ਲੰਮੇ ਸਮੇਂ ਵਿਚ ਕਦੇ ਵੀ ਪ੍ਰੀਮਿਕਸ ਨਹੀਂ ਪਾਈ ਗਈ। ਉਨ੍ਹਾਂ ਕਿਹਾ ਕਿ ਇਸ ਸੜਕ ਉੱਤੇ ਸੌ ਤੋਂ ਵੱਧ ਦੁਕਾਨਾਂ ਹਨ, ਜਿਨ੍ਹਾਂ ਉੱਤੇ ਰੋਜ਼ਾਨਾ ਹਜ਼ਾਰਾਂ ਗਾਹਕ ਆਉਂਦੇ ਹਨ। ਇਸ ਤਰਾਂ ਸੋਹਾਣਾ ਹਸਪਤਾਲ, ਲੜਕੀਆਂ ਦਾ ਸਕੂਲ ਅਤੇ ਹੋਰ ਧਾਰਮਿਕ ਸਥਾਨ ਪੈਂਦੇ ਹਨ ਅਤੇ ਸੜਕ ’ਤੇ ਹਰ ਵੇਲੇ ਭੀੜ ਰਹਿੰਦੀ ਹੈ।
ਨੰਬਰਦਾਰ ਨੇ ਕਿਹਾ ਕਿ ਸੜਕ ਦੇ ਦੂਜੇ ਪਾਸੇ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਉੱਤੇ ਲਗਾਤਾਰ ਪ੍ਰੀਮਿਕਸ ਪਾਈ ਜਾਂਦੀ ਹੈ ਪਰ ਸੋਹਾਣਾ ਪਿੰਡ ਨੂੰ ਨਗਰ ਨਿਗਮ ਵਿਚ ਸ਼ਾਮਲ ਕਰਨ ਦੇ ਬਾਵਜੂਦ ਇਸ ਸੜਕ ਨੂੰ ਹਾਲੇ ਵੀ ਪੇਂਡੂ ਸੰਪਰਕ ਸੜਕਾਂ ਦੀ ਸੂਚੀ ਵਿਚ ਹੀ ਰੱਖਿਆ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸੜਕ ਨੂੰ ਸ਼ਹਿਰੀ ਹਦੂਦ ਦੀ ਸੜਕ ਮੰਨ ਕੇ ਬਿਨਾਂ ਕਿਸੇ ਦੇਰੀ ਤੋਂ ਇਸ ਉੱਤੇ ਪ੍ਰੀਮਿਕਸ ਪਾਈ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਸੋਹਾਣਾ ਦੀ ਸੰਗਤ ਏਅਰਪੋਰਟ ਰੋਡ ਉੱਤੇ ਜਾਮ ਲਾਵੇਗੀ।
ਇਸੇ ਤਰਾਂ ਲਾਂਡਰਾਂ ਤੋਂ ਬਨੂੜ ਅਤੇ ਖਰੜ ਨੂੰ ਜਾਂਦੇ ਕੌਮੀ ਮਾਰਗ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ। ਦੋਵੇਂ ਪਾਸੇ ਥਾਂ-ਥਾਂ ਟੋਏ ਪੈ ਗਏ ਹਨ। ਬਰਸਾਤ ਕਾਰਨ ਇਨ੍ਹਾਂ ਟੋਇਆਂ ਵਿਚ ਭਰੇ ਪਾਣੀ ਕਾਰਨ ਰਾਤ ਦੇ ਹਨੇਰੇ ਵਿਚ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਇਸ ਸੜਕ ਉੱਤੇ ਰੋਜ਼ਾਨਾ ਹਜ਼ਾਰਾਂ ਵੱਡੇ-ਛੋਟੇ ਵਾਹਨ ਲੰਘਦੇ ਹਨ, ਜਿਨ੍ਹਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਕਿ ਇਨ੍ਹਾਂ ਸੜਕਾਂ ਦੀ ਹਾਲਤ ਤੁਰੰਤ ਸੰਵਾਰੀ ਜਾਵੇ।
ਸੜਕਾਂ ਦੀ ਹਾਲਤ ਸੰਵਾਰਨ ਲਈ ਅਦਾਲਤੀ ਚਾਰਾਜੋਈ
ਪ੍ਰੋਗਰੈਸਿਵ ਫਰੰਟ ਪੰਜਾਬ ਦੇ ਚੇਅਰਮੈਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਵੱਲੋਂ ਮੁਹਾਲੀ ਜ਼ਿਲ੍ਹੇ ਦੀਆਂ ਦਰਜਨਾਂ ਸੜਕਾਂ ਦੀ ਖਸਤਾ ਹਾਲਤ ਸਬੰਧੀ ਅਦਾਲਤ ਵਿਚ ਵੀ ਪੀਆਈਐੱਲ ਦਾਇਰ ਕੀਤੀ ਹੋਈ ਹੈ। ਇਸ ਮਾਮਲੇ ਉੱਤੇ ਅਦਾਲਤ ਵੱਲੋਂ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਗਿਆ ਹੈ। ਐਡਵੋਕੇਟ ਧਾਲੀਵਾਲ ਨੇ ਦੱਸਿਆ ਕਿ ਲਾਂਡਰਾਂ-ਖਰੜ=ਬਨੂੜ ਕੌਮੀ ਮਾਰਗ ਤੇ ਹੋਰ ਸੜਕਾਂ ਦੇ ਮਾਮਲੇ ਸਬੰਧੀ ਜਲਦੀ ਹੀ ਅਥਾਰਿਟੀ ਨੂੰ ਕਾਨੂੰਨੀ ਨੋਟਿਸ ਭੇਜਿਆ ਜਾਵੇਗਾ ਅਤੇ ਜੇਕਰ ਮੁਰੰਮਤ ਨਾ ਹੋਈ ਤਾਂ ਪਟੀਸ਼ਨ ਦਾਇਰ ਕੀਤੀ ਜਾਵੇਗੀ।