ਮੁਬਾਰਕਪੁਰ ਰੇਲਵੇ ਅੰਡਰਪਾਸ ਦੀ ਹਾਲਤ ਮੁੜ ਖ਼ਰਾਬ
ਇੱਥੋਂ ਦੇ ਮੁਬਾਰਕਪੁਰ ਰੇਲਵੇ ਅੰਡਰਪਾਸ ਦੀ ਖਸਤਾ ਹਾਲਤ ਦੀ ਸਮੱਸਿਆ ਹੱਲ ਹੋਣ ਦਾ ਨਾਂਅ ਨਹੀਂ ਲੈ ਰਹੀ। ਲੰਘੇ ਦਿਨੀਂ ਇਸ ਦੀ ਖਸਤਾ ਹਾਲਤ ਸੁਧਾਰਨ ਅਤੇ ਪਾਣੀ ਭਰਨ ਦੀ ਸਮੱਸਿਆ ਦੇ ਹੱਲ ਲਈ 1.66 ਕਰੋੜ ਰੁਪਏ ਖ਼ਰਚ ਕੇ ਨਵੀਨੀਕਰਨ ਕੀਤਾ ਗਿਆ ਸੀ। ਇਸ ਦੇ ਬਾਵਜੂਦ ਇੱਥੇ ਬਰਸਾਤੀ ਪਾਣੀ ਭਰਨ ਦੀ ਸਮੱਸਿਆ ਹੱਲ ਨਹੀਂ ਹੋ ਸਕੀ। ਇਸ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਇੱਥੇ ਪਾਣੀ ਵਿੱਚ ਡਿੱਗਣ ਕਾਰਨ ਮੋਟਰਸਾਈਕਲ ਸਵਾਰ ਜ਼ਖ਼ਮੀ ਹੋ ਗਿਆ।
ਮੁਬਾਰਕਪੁਰ, ਮੀਰਪੁਰ, ਤ੍ਰਿਵੇਦੀ ਕੈਂਪ, ਪੰਡਵਾਲਾ, ਸੁੰਡਰਾ, ਭਾਂਖਰਪੁਰ ਸਣੇ ਦਰਜਨਾਂ ਪਿੰਡਾਂ ਦੇ ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਨਵੀਨੀਕਰਨ ’ਤੇ ਕਰੋੜਾਂ ਰੁਪਏ ਖ਼ਰਚ ਕਰਨ ਵਾਲੇ ਠੇਕੇਦਾਰ ਨੇ ਕੰਮ ਕਥਿਤ ਤਸੱਲੀਬਖ਼ਸ਼ ਨਹੀਂ ਕੀਤਾ। ਇਸ ਕਾਰਨ ਸਮੱਸਿਆ ਹੱਲ ਨਹੀਂ ਹੋਈ। ਉਨ੍ਹਾਂ ਇੱਥੇ ਖ਼ਰਚ ਕੀਤੇ ਫੰਡਾਂ ’ਤੇ ਸਵਾਲ ਚੁੱਕਦਿਆਂ ਜਾਂਚ ਦੀ ਮੰਗ ਕੀਤੀ ਹੈ। ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਸ ਮਾਰਗ ਦੀ ਰੋਜ਼ਾਨਾ ਵੱਡੀ ਤਾਦਾਤ ਵਿੱਚ ਵਾਹਨ ਚਾਲਕ ਵਰਤੋਂ ਕਰਦੇ ਹਨ। ਇਸ ਦੀ ਹਾਲਤ ਖ਼ਸਤਾ ਹੋਣ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਜ਼ਿਕਰਯੋਗ ਹੈ ਕਿ ਇਸ ਦੀ ਖਸਤਾ ਹਾਲਤ ਕਾਰਨ ਲੋਕ ਪਹਿਲਾਂ ਵੀ ਪ੍ਰਦਰਸ਼ਨ ਕਰ ਚੁੱਕੇ ਹਨ। ਇਸ ਦੌਰਾਨ ਲੰਘੇ ਦਿਨੀਂ ਇੱਥੋਂ ਨੇੜਲੇ ਪਿੰਡ ਭੰਖਰਪੁਰ ਵਿੱਚ ਇੱਕ ਸਮਾਗਮ ਦੌਰਾਨ ਪੁੱਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਸਮੱਸਿਆ ਨੂੰ ਹੱਲ ਕਰਨ ਦਾ ਐਲਾਨ ਕੀਤਾ ਸੀ। ਉਸ ਵੇਲੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਇਸ ਦਾ ਨਵੀਨੀਕਰਨ ਹੋਣ ਮਗ਼ਰੋਂ ਇੱਥੇ ਪਾਣੀ ਭਰਨ ਦੀ ਸਮੱਸਿਆ ਹੱਲ ਹੋ ਜਾਵੇਗੀ ਪਰ ਇਹ ਦਾਅਵੇ ਹੁਣ ਖੋਖਲੇ ਸਾਬਤ ਹੋ ਰਹੇ ਹਨ। ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇੰਨੇ ਪੈਸੇ ਖ਼ਰਚ ਕਰਨ ਦਾ ਕੋਈ ਫ਼ਾਇਦਾ ਨਹੀਂ ਹੋਇਆ, ਇਸ ਲਈ ਕੰਮ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਕੰਮ ਦੀ ਨਿਗਰਾਨੀ ਕਰਨ ਵਾਲੇ ਜ਼ਿੰਮੇਵਾਰ ਸਰਕਾਰੀ ਅਧਿਕਾਰੀਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਕੰਮ ਦੀ ਜਾਂਚ ਕਰਵਾਈ ਜਾਵੇਗੀ: ਰੰਧਾਵਾ
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਕੰਮ ਦੀ ਸਮੀਖਿਆ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜੇ ਜਾਂਚ ਦੌਰਾਨ ਕੋਈ ਲਾਪਰਵਾਹੀ ਸਾਹਮਣੇ ਆਈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।