ਚੇਅਰਮੈਨ ਨੇ ਕੰਡਿਆਂ ਦਾ ਤੋਲ ਚੈੱਕ ਕੀਤਾ
ਮਾਰਕੀਟ ਕਮੇਟੀ ਚਮਕੌਰ ਸਾਹਿਬ ਦੇ ਚੇਅਰਮੈਨ ਸਕਿੰਦਰ ਸਿੰਘ ਸਹੇੜੀ ਨੇ ਅੱਜ ਅਨਾਜ ਮੰਡੀ ਚਮਕੌਰ ਸਾਹਿਬ ਅਤੇ ਬੇਲਾ ਵਿੱਚ ਆੜ੍ਹਤੀਆਂ ਦੀਆਂ ਦੁਕਾਨਾਂ ’ਤੇ ਕੰਢਿਆਂ ਦੇ ਤੋਲ ਚੈੱਕ ਕੀਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਚਮਕੌਰ ਸਾਹਿਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਦੇ ਸੁਚੱਜੇ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਹੁਣ ਮੌਸਮ ਠੀਕ ਹੋਣ ਕਰ ਕੇ ਮੰਡੀਆਂ ਵਿੱਚ ਝੋਨੇ ਦੀ ਆਮਦ ਨੇ ਜ਼ੋਰ ਫੜ ਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਾਲੋ-ਨਾਲ ਕਿਸਾਨਾਂ ਨੂੰ ਝੋਨੇ ਦੀ ਅਦਾਇਗੀ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚੋਂ ਖ਼ਰੀਦ ਹੋਏ ਝੋਨੇ ਦੀ ਚੁਕਾਈ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮੰਡੀਆਂ ਵਿੱਚ ਸੁੱਕਾ ਝੋਨਾ ਹੀ ਲੈ ਕੇ ਆਉਣ ਤਾਂ ਜੋ ਕਿ ਉਨ੍ਹਾਂ ਨੂੰ ਝੋਨੇ ਦਾ ਸਹੀ ਭਾਅ ਮਿਲ ਸਕੇ ਅਤੇ ਨਾ ਹੀ ਕੋਈ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਆਵੇ।
ਚੇਅਰਮੈਨ ਸਕਿੰਦਰ ਸਿੰਘ ਸਹੇੜੀ ਨੇ ਇਹ ਵੀ ਦੱਸਿਆ ਕਿ ਪਿੰਡ ਹਾਫਿਜ਼ਾਬਾਦ ਦੇ ਪਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਹੜ੍ਹ ਪੀੜਤ ਕਿਸਾਨਾਂ ਦੀ ਚਾਰ ਸੌ ਏਕੜ ਜ਼ਮੀਨ ਲਈ 160 ਕੁਇੰਟਲ ਕਣਕ ਦਾ ਬੀਜ ਵੀ ਟਰੈਕਟਰ ਟਰਾਲੀਆਂ ਰਾਹੀਂ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਕਣਕ ਦਾ ਬੀਜ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਪਿੰਡਾਂ ਲਈ ਹੀ ਭੇਜਿਆ ਗਿਆ ਹੈ। ਇਸ ਮੌਕੇ ਐਡਵੋਕੇਟ ਕੁਲਵਿੰਦਰ ਸਿੰਘ, ਸਵਰਨ ਸਿੰਘ, ਮਾਰਕੀਟ ਕਮੇਟੀ ਦੇ ਸਕੱਤਰ ਅਰਵਿੰਦ ਸਿੰਘ, ਮੰਡੀ ਇੰਚਾਰਜ ਬਲਜੀਤ ਸਿੰਘ, ਚੇਅਰਮੈਨ ਪਰਮਜੀਤ ਸਿੰਘ ਖੇੜੀ ਅਤੇ ਜਸਵੀਰ ਸਿੰਘ ਆਦਿ ਹਾਜ਼ਰ ਸਨ।