Rajveer Jawanda ਨਾਲ ਬਾਈਕ ਹਾਦਸਾ ਬੱਦੀ ਵਿਚ ਨਹੀਂ ਪਿੰਜੌਰ ਵਿਚ ਹੋਇਆ
Rajveer Jawanda: ਹਾਦਸੇ ਮਗਰੋਂ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਪੰਜਾਬੀ ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ (35) ਨੂੰ 8 ਅਕਤੂਬਰ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਆਖਰੀ ਸਾਹ ਲਏ ਸਨ। ਸ਼ੁਰੂਆਤੀ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਜਵੰਦਾ ਦੀ ਮੌਤ ਹਿਮਾਚਲ ਪ੍ਰਦੇਸ਼ ਦੇ ਬੱਦੀ ਵਿਚ ਸੜਕ ਹਾਦਸੇ ਕਾਰਨ ਹੋਈ ਸੀ। ਹਾਲਾਂਕਿ ਇਕ ਨਵੀਂ ਜਾਂਚ ਰਿਪੋਰਟ ਵਿਚ ਇਸ ਦਾਅਵੇ ਨੂੰ ਗ਼ਲਤ ਦੱਸਿਆ ਗਿਆ ਹੈ। ਜਾਂਚ ਤੋਂ ਖੁਲਾਸਾ ਹੋਇਆ ਹੈ ਕਿ ਬਾਈਕ ਹਾਦਸਾ ਬੱਦੀ ਵਿਚ ਨਹੀਂ ਬਲਕਿ ਪਿੰਜੌਰ ਵਿਚ ਹੋਇਆ ਸੀ।
ਇਕ ਮੀਡੀਆ ਰਿਪੋਰਟ ਮੁਤਾਬਕ ਇਹ ਹਾਦਸਾ 27 ਸਤੰਬਰ ਨੂੰ ਵਾਪਰਿਆ ਜਦੋਂ ਜਵੰਦਾ ਸ਼ਿਮਲਾ ਜਾ ਰਿਹਾ ਸੀ। ਹਾਦਸੇ ਵਿੱਚ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਗਾਇਕ ਨੂੰ ਫੌਰੀ ਪਿੰਜੌਰ ਦੇ ਇੱਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ। ਇਸ ਨਿੱਜੀ ਹਸਪਤਾਲ ਨੇ ਗਾਇਕ ਦਾ ਮੁੱਢਲਾ ਇਲਾਜ ਕਰਨ ਤੋਂ ਕਥਿਤ ਨਾਂਹ ਕਰ ਦਿੱਤੀ। ਇਲਾਜ ਵਿਚ ਦੇਰੀ ਨਾਲ ਜਵੰਦਾ ਦੀ ਹਾਲਤ ਵਿਗੜ ਗਈ, ਜੋ ਮਗਰੋਂ ਗਾਇਕ ਦੀ ਜਾਨ ਲਈ ਘਾਤਕ ਸਾਬਕ ਹੋਈ।
ਲਾਇਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ (LFHRI) ਦੀ ਜਾਂਚ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਿੰਜੌਰ ਪੁਲੀਸ ਸਟੇਸ਼ਨ ਤੋਂ ਡੇਲੀ ਡਾਇਰੀ ਰਿਪੋਰਟ (DDR) ਅਤੇ ਸਥਾਨਕ ਜਾਂਚ ਦੇ ਆਧਾਰ ’ਤੇ, ਇਹ ਸਪੱਸ਼ਟ ਹੈ ਕਿ ਪਿੰਜੌਰ ਦੇ ਸ਼ੌਰੀ ਹਸਪਤਾਲ ਨੇ ਜ਼ਖਮੀ ਗਾਇਕ ਨੂੰ ਐਮਰਜੈਂਸੀ ਮੁੱਢਲੀ ਸਹਾਇਤਾ ਪ੍ਰਦਾਨ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਮਗਰੋਂ ਰਾਜਵੀਰ ਜਵੰਦਾ ਨੂੰ ਪਹਿਲਾਂ ਪੰਚਕੂਲਾ ਦੇ ਸਰਕਾਰੀ ਹਸਪਤਾਲ, ਫ਼ਿਰ ਪੰਚਕੂਲਾ ਦੇ ਹੀ ਇਕ ਨਿੱਜੀ ਹਸਪਤਾਲ ਤੇ ਅਖੀਰ ਵਿਚ ਮੁਹਾਲੀ ਸਥਿਤ ਫੋਰਟਿਸ ਹਸਪਤਾਲ ਲਿਜਾਇਆ ਗਿਆ। ਜਵੰਦਾ ਇਥੇ 11 ਦਿਨਾਂ ਤੱਕ ਵੈਂਟੀਲੇਟਰ ਸਪੋਰਟ ’ਤੇ ਰਿਹਾ, ਪਰ ਅਖੀਰ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ।
ਕਾਨੂੰਨੀ ਕਾਰਵਾਈ ਦੀ ਤਿਆਰੀ
ਐਡਵੋਕੇਟ ਨਵਕਿਰਨ ਸਿੰਘ LFHRI ਦੇ ਜਨਰਲ ਸਕੱਤਰ ਹਨ। ਉਨ੍ਹਾਂ ਨੇ ਇੱਕ ਪੱਤਰਕਾਰ ਨਾਲ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਇੱਕ ਵਿਸਥਾਰਤ ਰਿਪੋਰਟ ਤਿਆਰ ਕੀਤੀ। ਸੰਗਠਨ ਹੁਣ ਡਾਕਟਰੀ ਲਾਪਰਵਾਹੀ ਦਾ ਮੁੱਦਾ ਉਠਾਉਂਦੇ ਹੋਏ ਹਾਈ ਕੋਰਟ ਤੱਕ ਪਹੁੰਚ ਕਰਨ ਦੀ ਤਿਆਰੀ ਵਿਚ ਹੈ। ਇਹ ਪਟੀਸ਼ਨ ਨਾ ਸਿਰਫ਼ ਜਵੰਦਾ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕਰੇਗੀ, ਸਗੋਂ ਐਮਰਜੈਂਸੀ ਵਿੱਚ ਹਸਪਤਾਲਾਂ ਅਤੇ ਡਾਕਟਰਾਂ ਦੀ ਜ਼ਿੰਮੇਵਾਰੀ, ਸੜਕਾਂ ’ਤੇ ਅਵਾਰਾ ਪਸ਼ੂਆਂ ਤੋਂ ਵਧਦੇ ਖ਼ਤਰੇ ਅਤੇ ਐਮਰਜੈਂਸੀ ਡਾਕਟਰੀ ਬੁਨਿਆਦੀ ਢਾਂਚੇ ਦੀ ਘਾਟ ਵਰਗੇ ਵਿਆਪਕ ਮੁੱਦਿਆਂ ਨੂੰ ਵੀ ਉਜਾਗਰ ਕਰੇਗੀ।