ਸੁਖਨਾ ਝੀਲ ’ਤੇ ਪਰਵਾਸੀ ਪੰਛੀਆਂ ਦੀ ਆਮਦ ਘਟੀ
ਚੰਡੀਗੜ੍ਹ ਸਥਿਤ ਸੁਖਨਾ ਝੀਲ ਅਤੇ ਨੇੜਲੇ ਇਲਾਕਿਆਂ ਵਿੱਚ ਇਸ ਵਰ੍ਹੇ ਪਰਵਾਸੀ ਪੰਛੀਆਂ ਦੀ ਆਮਦ 67 ਫ਼ੀਸਦ ਘਟ ਗਈ ਹੈ।
ਇਹ ਖੁਲਾਸਾ ਚੰਡੀਗੜ੍ਹ ਬਰਡ ਕਲੱਬ ਨੇ ਸੁਖਨਾ ਝੀਲ ’ਤੇ ਸਰਵੇਖਣ ਮਗਰੋਂ ਕੀਤਾ ਹੈ। ਬਰਡ ਕਲੱਬ ਮੁਤਾਬਕ ਸੁਖਨਾ ਝੀਲ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਕੀਤੇ ਗਏ ਸਰਵੇਖਣ ਦੌਰਾਨ 26 ਪ੍ਰਜਾਤੀਆਂ ਦੇ 232 ਪੰਛੀ ਦੇਖੇ ਗਏ। ਹਾਲਾਂਕਿ ਪਿਛਲੇ ਸਾਲ ਕਲੱਬ ਨੇ ਨਵੰਬਰ ਮਹੀਨੇ ਵਿੱਚ 31 ਪ੍ਰਜਾਤੀਆਂ ਦੇ 705 ਪੰਛੀ ਦੇਖੇ ਸਨ। ਚੰਡੀਗੜ੍ਹ ਵਿੱਚ ਪਰਵਾਸੀ ਪੰਛੀਆਂ ਦੀ ਆਮਦ ਘਟਣ ਕਰਕੇ ਸੈਲਾਨੀ ਵੀ ਮਾਯੂਸ ਹਨ। ਹਰ ਸਾਲ ਅਕਤੂਬਰ ਦੇ ਆਖੀਰ ਅਤੇ ਨਵੰਬਰ ਮਹੀਨੇ ਵਿੱਚ ਵੱਡੀ ਗਿਣਤੀ ਵਿੱਚ ਸੈਲਾਨੀ ਸੁਖਨਾ ਝੀਲ ’ਤੇ ਰੰਗ ਬਿਰੰਗੇ ਅਤੇ ਪਰਵਾਸੀ ਪੰਛੀਆਂ ਨੂੰ ਦੇਖਣ ਆਉਂਦੇ ਹਨ। ਲੋਕਾਂ ਨੂੰ ਪਰਵਾਸੀ ਪੰਛੀਆਂ ਦਿਖਾਉਣ ਲਈ ਜੰਗਲਾਤ ਵਿਭਾਗ ਵਿਸ਼ੇਸ਼ ਪ੍ਰਬੰਧ ਕਰਦਾ ਹੈ।
ਚੰਡੀਗੜ੍ਹ ਬਰਡ ਕਲੱਬ ਦੀ ਪ੍ਰਧਾਨ ਰੀਮਾ ਢਿੱਲੋਂ ਨੇ ਕਿਹਾ ਕਿ ਠੰਢ ਵਧਣ ਕਰਕੇ ਪੰਛੀ ਪਰਵਾਸ ਕਰਕੇ ਦੂਜੀਆਂ ਥਾਵਾਂ ’ਤੇ ਚਲੇ ਜਾਂਦੇ ਹਨ। ਇਸੇ ਕਰਕੇ ਹਰ ਸਾਲ ਨਵੰਬਰ ਮਹੀਨੇ ਵਿੱਚ ਚੰਡੀਗੜ੍ਹ ਵਿੱਚ ਪਰਵਾਸੀ ਪੰਛੀਆਂ ਦੀ ਆਮਦ ਵਧ ਜਾਂਦੀ ਹੈ। ਬਰਡ ਕਲੱਬ ਵੱਲੋਂ ਹਰ ਸਾਲ ਬਰਡਮੈਨ ਡਾ. ਸਲੀਮ ਅਲੀ ਦੇ ਜਨਮ ਦਿਨ ’ਤੇ ਪੰਛੀਆਂ ਦਾ ਸਰਵੇਖਣ ਕੀਤਾ ਜਾਂਦਾ ਹੈ, ਜਿਸ ਨਾਲ ਪਰਵਾਸੀ ਪੰਛੀਆਂ ਦੀ ਆਮਦ ਦਾ ਪਤਾ ਲਗਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸੁਖਨਾ ਝੀਲ ’ਤੇ ਪਰਵਾਸੀ ਪੰਛੀਆਂ ਦੀ ਆਮਦ ਵਧ ਸਕਦੀ ਹੈ। ਸਰਵੇਖਣ ਵਿੱਚ ਸ਼ਾਮਲ ਵਿਅਕਤੀ ਨੇ ਕਿਹਾ ਕਿ ਗਲੋਬਲ ਵਾਰਮਿੰਗ ਕਰਕੇ ਪਰਵਾਸੀ ਪੰਛੀਆਂ ਦੀ ਆਮਦ ਘਟ ਗਈ ਹੈ।
