ਮੁਹਾਲੀ ਹਲਕੇ ਦੀਆਂ 13 ਸੜਕਾਂ ਦੀ ਬਦਲੇਗੀ ਨੁਹਾਰ: ਕੁਲਵੰਤ ਸਿੰਘ
ਵਿਧਾਇਕ ਕੁਲਵੰਤ ਸਿੰਘ ਨੇ ਆਪਣੇ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਮੁਹਾਲੀ ਹਲਕੇ ਵਿਚ 10 ਕਰੋੜ ਰੁਪਏ ਦੀ ਲਾਗਤ ਨਾਲ ਹਲਕੇ ਦੀਆਂ 13 ਮੁੱਖ ਸੜਕਾਂ ਦੀ ਨੁਹਾਰ ਬਦਲੀ ਜਾਵੇਗੀ। ਉਨ੍ਹਾਂ ਕਿਹਾ ਕਿ ਚੱਪੜਚਿੜੀ ਸੜਕ ’ਤੇ ਕੰਮ ਸ਼ੁਰੂ ਹੋ ਗਿਆ ਹੈ ਤੇ ਬਾਕੀ ਸੜਕਾਂ ’ਤੇ ਹਫ਼ਤੇ ਵਿੱਚ ਕੰਮ ਆਰੰਭ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕੁੱਝ ਸੜਕਾਂ ਨੂੰ ਦਸ ਫ਼ੁੱਟ ਤੋਂ ਅਠਾਰਾਂ ਫੁੱਟ ਚੌੜਾ ਕੀਤਾ ਜਾਵੇਗਾ।
ਵਿਧਾਇਕ ਨੇ ਦੱਸਿਆ ਕਿ ਜਿਹੜੀਆਂ ਪ੍ਰਮੁੱਖ ਸੜਕਾਂ ਬਣਾਈਆਂ ਜਾ ਰਹੀਆਂ ਹਨ, ਉਨ੍ਹਾਂ ਵਿੱਚ ਲਾਂਡਰਾਂ-ਖਰੜ-ਚੱਪੜ ਚਿੜੀ ਖੁਰਦ ਸੜਕ, ਖਰੜ-ਬਨੂੜ ਸੜਕ, ਤੰਗੌਰੀ ਸੜਕ (2.5 ਕਰੋੜ ਰੁਪਏ ਦੀ ਲਾਗਤ), ਸੇਖਨ ਮਾਜਰਾ-ਕੁਰੜਾ ਸੜਕ, ਰਾਏਪੁਰ ਖੁਰਦ-ਦੁਰਾਲੀ ਸੜਕ, ਤੰਗੌਰੀ-ਮਾਣਕਪੁਰ ਕੱਲਰ ਸੜਕ, ਝੰਜੇੜੀ-ਅਲੀਪੁਰ ਸੜਕ, ਬਾਕਰਪੁਰ-ਸਫੀਪੁਰ ਦੇ ਨੇੜੇ ਵਾਲੀ ਸੜਕ, ਗੀਗੇ ਮਾਜਰਾ-ਗੁਡਾਣਾ ਸੜਕ, ਚਾਚੂ ਮਾਜਰਾ-ਬਾਕਰਪੁਰ-ਝੁੰਗੀਆਂ ਸੜਕ ਸਣੇ ਗੁਰਦੁਆਰਾ ਸਾਹਿਬ, ਸੈਕਟਰ-82 ਤੋਂ ਮਨੌਲੀ ਸੜਕ, ਦਾਊਂ ਤੋਂ ਰਾਮਗੜ੍ਹ ਸੜਕ ਅਤੇ ਲਾਂਡਰਾਂ ਸੜਕ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਸੈਕਟਰ-89 ਵਾਲੀ ਸੜਕ ਅਤੇ ਸੀ ਪੀ-67 ਹਵਾਈ ਅੱਡਾ ਰੋਡ ਸੜਕ ’ਤੇ ਕੰਮ ਪਹਿਲਾਂ ਹੀ ਚੱਲ ਰਿਹਾ ਹੈ, ਜਦੋਂ ਕਿ ਫੇਜ਼ 3 ਸੜਕ ਦੀ ਹਾਲਤ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਨਵੀਂ ਬਣਾਈ ਜਾਣ ਦੇ ਬਾਵਜੂਦ ਥੋੜ੍ਹੇ ਸਮੇਂ ਵਿੱਚ ਹੀ ਖ਼ਰਾਬ ਕਿਉਂ ਹੋਈ ਹੈ। ਸਬੰਧਤ ਠੇਕੇਦਾਰਾਂ ਜਾਂ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਸੜਕਾਂ ਦੇ ਬਣਨ ਨਾਲ ਮੁਹਾਲੀ ਹਲਕੇ ਦੀਆਂ ਨੱਬੇ ਫ਼ੀਸਦ ਸੜਕਾਂ ਮੁਕੰਮਲ ਹੋ ਜਾਣਗੀਆਂ। ਉਨ੍ਹਾਂ ਵਿਰੋਧੀ ਧਿਰ ਦੇ ਆਗੂਆਂ ਵੱਲੋਂ ਆਪਣੇ ਖਰਚੇ ’ਤੇ ਸੜਕ ਨੂੰ ਠੀਕ ਕਰਾਏ ਜਾਣ ਸਬੰਧੀ ਛਪੀਆਂ ਖਬਰਾਂ ਦਾ ਖੰਡਨ ਕੀਤਾ।