ਪ੍ਰਸ਼ਾਸਕ ਨੇ ਹਾਊਸਿੰਗ ਬੋਰਡ ’ਚ ਨਵੇਂ ਭਰਤੀ ਸਟਾਫ਼ ਨੂੰ ਸੌਂਪੇ ਨਿਯੁਕਤੀ ਪੱਤਰ
ਕੁਲਦੀਪ ਸਿੰਘ
ਚੰਡੀਗੜ੍ਹ, 11 ਅਗਸਤ
ਚੰਡੀਗੜ੍ਹ ਹਾਊਸਿੰਗ ਬੋਰਡ ਵਿੱਚ ਨਵੇਂ ਭਰਤੀ ਹੋਏ ਸਟਾਫ਼ ਨੂੰ ਨਿਯੁਕਤ ਪੱਤਰ ਵੰਡਣ ਦੇ ਲਈ ਅੱਜ ‘ਰੋਜ਼ਗਾਰ ਮੇਲਾ’ ਨਾਮਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵੱਲੋਂ ਨਵ-ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਪ੍ਰੋਗਰਾਮ ਵਿੱਚ ਨਗਰ ਨਿਗਮ ਦੇ ਮੇਅਰ ਅਨੂਪ ਗੁਪਤਾ, ਪ੍ਰਸ਼ਾਸਕ ਦੇ ਸਲਾਹਕਾਰ ਅਤੇ ਹਾਊਸਿੰਗ ਬੋਰਡ ਦੇ ਚੇਅਰਮੈਨ ਡਾ. ਧਰਮਪਾਲ ਆਈ.ਏ.ਐਸ., ਗ੍ਰਹਿ ਸਕੱਤਰ ਨਿਤਿਨ ਯਾਦਵ, ਡੀ.ਜੀ.ਪੀ. ਪ੍ਰਵੀਰ ਰੰਜਨ, ਹਾਊਸਿੰਗ ਬੋਰਡ ਦੇ ਸੀ.ਈ.ਓ. ਯਸ਼ਪਾਲ ਗਰਗ, ਅਤੇ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਵੀ ਮੌਜੂਦ ਸਨ। ਸਰਕਾਰੀ ਬੁੁਲਾਰੇ ਨੇ ਦੱਸਿਆ ਕਿ ਫਰਵਰੀ-2023 ਦੇ ਮਹੀਨੇ ਦੌਰਾਨ ਕੀਤੇ ਗਏ ਵਿਆਪਕ ਮੁਲਾਂਕਣਾਂ ਅਤੇ ਪ੍ਰੀਖਿਆਵਾਂ ਤੋਂ ਬਾਅਦ ਮਈ ਮਹੀਨੇ ਵਿੱਚ ਉਪ-ਮੰਡਲ ਇੰਜਨੀਅਰ, ਜੂਨੀਅਰ ਇੰਜਨੀਅਰ, ਅਸਿਸਟੈਂਟ, ਆਰਕੀਟੈਕਟ, ਡਰਾਫਟਸਮੈਨ ਵਰਗੀਆਂ ਤਕਨੀਕੀ ਕਾਡਰ ਦੀਆਂ ਇਨ੍ਹਾਂ 38 ਅਸਾਮੀਆਂ ਲਈ ਲਿਖਤੀ ਪ੍ਰੀਖਿਆਵਾਂ ਵਿੱਚ ਸਫ਼ਲ ਹੋਏ ਉਮੀਦਵਾਰਾਂ ਨੂੰ ਅੱਜ ਨਿਯੁਕਤੀ ਪੱਤਰ ਵੰਡੇ ਗਏ। ਆਪਣੇ ਸੰਬੋਧਨ ਵਿੱਚ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਨਵ-ਨਿਯੁਕਤ ਸਟਾਫ਼ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਪੂਰੀ ਪਾਰਦਰਸ਼ਤਾ ਅਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।ਯੂ.ਟੀ. ਚੰਡੀਗੜ੍ਹ ਦੇ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵੱਲੋਂ ਇੱਕ ਰੁੱਖ ਲਗਾਉਣ ਦਾ ਪ੍ਰੋਗਰਾਮ ਕਰਵਾਇਆ ਗਿਆ ਅਤੇ ਸੈਕਟਰ-26 ਚੰਡੀਗੜ੍ਹ ਵਿੱਚ ਪੁਲੀਸ ਲਾਈਨ ਦੇ ਸਾਹਮਣੇ ਜੰਗਲਾਤ ਖੇਤਰ ਵਿੱਚ ‘ਵਸੁਧਾ ਵੰਦਨ’ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਉਦਘਾਟਨ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਸਲਾਹਕਾਰ ਧਰਮ ਪਾਲ ਆਈ.ਏ.ਐੱਸ. ਦੀ ਹਾਜ਼ਰੀ ਵਿੱਚ ਕੀਤਾ ਗਿਆ।
