ਕਾਂਗਰਸ ’ਚ ਖਿੱਚੋਤਾਣ ਜਾਰੀ: ਸਿੱਧੂ ਨੇ ਰੰਧਾਵਾ ਦੇ ਕਾਨੂੰਨੀ ਨੋਟਿਸ ਦਾ ਜਵਾਬ ਦਿੱਤਾ
ਸਾਬਕਾ ਵਿਧਾਇਕਾ ਨਵਜੋਤ ਕੌਰ ਸਿੱਧੂ ਨੇ ਕਾਂਗਰਸ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਭੇਜੇ ਗਏ ਕਾਨੂੰਨੀ ਨੋਟਿਸ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ ਹੈ। ਉਨ੍ਹਾਂ ਇਸ ਨੋਟਿਸ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਉਹ ਆਪਣੇ ਹਰ ਬਿਆਨ ’ਤੇ ਕਾਇਮ ਹਨ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਰੰਧਾਵਾ ਨੇ ਨੋਟਿਸ ਵਾਪਸ ਨਾ ਲਿਆ ਤਾਂ ਉਹ ਖੁਦ ਕਾਨੂੰਨੀ ਕਾਰਵਾਈ ਸ਼ੁਰੂ ਕਰਨਗੇ।
ਕੌਰ ਨੇ ਕਿਹਾ ਕਿ ਉਨ੍ਹਾਂ ਦੀਆਂ ਟਿੱਪਣੀਆਂ ਬੋਲਣ ਦੀ ਆਜ਼ਾਦੀ ਦੇ ਅਧਿਕਾਰ ਦੇ ਅਧੀਨ ਆਉਂਦੀਆਂ ਹਨ ਅਤੇ ਇਹ ਮੀਡੀਆ ਰਿਪੋਰਟਾਂ ’ਤੇ ਆਧਾਰਿਤ ਹਨ।
ਮੰਗਲਵਾਰ ਨੂੰ ਰੰਧਾਵਾ-ਜੋ ਕਿ ਰਾਜਸਥਾਨ ਦੇ ਕਾਂਗਰਸ ਇੰਚਾਰਜ ਵੀ ਹਨ, ਨੇ ਕੌਰ ਨੂੰ ਕਾਨੂੰਨੀ ਨੋਟਿਸ ਭੇਜ ਕੇ ਉਨ੍ਹਾਂ ’ਤੇ ਮਾਣਹਾਨੀ ਵਾਲੇ ਦੋਸ਼ ਲਗਾਉਣ ਲਈ ਮੁਆਫੀ ਮੰਗਣ ਦੀ ਮੰਗ ਕੀਤੀ ਸੀ।
ਨੋਟਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ 7 ਅਤੇ 8 ਦਸੰਬਰ ਨੂੰ ਕੌਰ ਨੇ ਜਨਤਕ ਤੌਰ ’ਤੇ ਰੰਧਾਵਾ ’ਤੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਸੀ, ਜਿਸ ਵਿੱਚ ਪੈਸੇ ਦੇ ਬਦਲੇ ਪਾਰਟੀ ਦੀਆਂ ਟਿਕਟਾਂ ਵੰਡਣ ਦੇ ਕਥਿਤ ਦੋਸ਼ ਸ਼ਾਮਲ ਸਨ।
ਕੌਰ ਦਾ ਇਹ ਵਿਵਾਦਮਈ ਜਵਾਬ ਕਾਂਗਰਸ ਵੱਲੋਂ ਸੋਮਵਾਰ ਨੂੰ ਉਨ੍ਹਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰਨ ਤੋਂ ਬਾਅਦ ਆਇਆ ਹੈ। ਉਨ੍ਹਾਂ ਨੂੰ ਮੁਅੱਤਲ ‘500 ਕਰੋੜ ਰੁਪਏ’ ਵਾਲੀ ਟਿੱਪਣੀ ਕਾਰਨ ਕੀਤਾ ਗਿਆ ਸੀ। ਇਸ ਦੌਰਾਨ, ਕਈ ਹੋਰ ਪਾਰਟੀ ਆਗੂਆਂ ਨੇ ਵੀ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਹੈ।
ਤਰਨਤਾਰਨ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੇ ਵੀ ਕੌਰ ਨੂੰ ਨੋਟਿਸ ਭੇਜਿਆ ਹੈ। ਇਸ ਤੋਂ ਇਲਾਵਾ, ਕਾਂਗਰਸੀ ਆਗੂ ਅਨਿਲ ਜੋਸ਼ੀ ਨੇ ਵੀ ਕੌਰ ਦੇ ਇਸ ਦਾਅਵੇ ’ਤੇ ਅਪਰਾਧਿਕ ਮਾਣਹਾਨੀ ਦਾ ਕੇਸ ਦਰਜ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ ਕਿ ਜੋਸ਼ੀ ਨੇ ਪਾਰਟੀ ਵਿੱਚ ਸ਼ਾਮਲ ਹੋਣ ਲਈ ਪੈਸੇ ਦਿੱਤੇ ਸਨ।
