ਦਸ ਜ਼ਿਲ੍ਹਾ ਤੇ ਸੈਸ਼ਨ ਜੱਜਾਂ ਨੇ ਹਾਈ ਕੋਰਟ ਦੇ ਵਧੀਕ ਜੱਜਾਂ ਵਜੋਂ ਸਹੁੰ ਚੁੱਕੀ
ਪੰਜਾਬ ਤੇ ਹਰਿਆਣਾ ਦੇ ਦਸ ਜ਼ਿਲ੍ਹਾ ਤੇ ਸੈਸ਼ਨ ਜੱਜਾਂ ਨੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਧੀਕ ਜੱਜਾਂ ਵਜੋਂ ਸਹੁੰ ਚੁੱਕੀ। ਇਨ੍ਹਾਂ ਨਵੀਆਂ ਨਿਯੁਕਤੀਆਂ ਨਾਲ ਹਾਈ ਕੋਰਟ ਵਿਚ ਕੁੱਲ ਜੱਜਾਂ ਦੀ ਨਫ਼ਰੀ 59 ਹੋ ਗਈ ਹੈ ਜਦੋਂਕਿ ਜੱਜਾਂ ਦੀ ਮਨਜ਼ੂਰਸ਼ੁਦਾ ਗਿਣਤੀ 85 ਹੈ। ਇਹ ਨਿਯੁਕਤੀਆਂ 4,33,720 ਬਕਾਇਆ ਮਾਮਲਿਆਂ ਦੀ ਗਿਣਤੀ ਘਟਾਉਣ ਲਈ ਸਾਂਝੇ ਸੰਸਥਾਗਤ ਯਤਨ ਵਜੋਂ ਕੀਤੀਆਂ ਗਈਆਂ ਹਨ।
ਹਾਈ ਕੋਰਟ ਦੇ ਆਡੀਟੋਰੀਅਮ ਵਿੱਚ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਚੀਫ਼ ਜਸਟਿਸ ਸ਼ੀਲ ਨਾਗੂ ਨੇ ਇਨ੍ਹਾਂ ਜੱਜਾਂ ਨੂੰ ਸਹੁੰ ਚੁਕਾਈ। ਇਸ ਮੌਕੇ ਮੌਜੂਦਾ ਅਤੇ ਸੇਵਾਮੁਕਤ ਜੱਜ, ਸੀਨੀਅਰ ਨੌਕਰਸ਼ਾਹ, ਕਾਨੂੰਨੀ ਭਾਈਚਾਰੇ ਦੇ ਮੈਂਬਰ ਅਤੇ ਨਵਨਿਯੁਕਤ ਜੱਜਾਂ ਦੇ ਪਰਿਵਾਰ ਸ਼ਾਮਲ ਹੋਏ।
ਹਲਫ਼ ਲੈਣ ਵਾਲਿਆਂ ਵਿੱਚ ਵੀਰਿੰਦਰ ਅਗਰਵਾਲ, ਮਨਦੀਪ ਪੰਨੂ, ਅਮਰਿੰਦਰ ਸਿੰਘ ਗਰੇਵਾਲ, ਪਰਮੋਦ ਗੋਇਲ, ਰੁਪਿੰਦਰਜੀਤ ਚਾਹਲ, ਸ਼ਾਲਿਨੀ ਸਿੰਘ ਨਾਗਪਾਲ, ਸੁਭਾਸ਼ ਮੇਹਲਾ, ਸੂਰਿਆ ਪ੍ਰਤਾਪ ਸਿੰਘ, ਆਰਾਧਨਾ ਸਾਹਨੀ ਅਤੇ ਯਸ਼ਵੀਰ ਸਿੰਘ ਰਾਠੌਰ ਸ਼ਾਮਲ ਹਨ।
ਇਨ੍ਹਾਂ ਨਵੀਆਂ ਨਿਯੁਕਤੀਆਂ ਨਾਲ ਬਕਾਇਆ ਕੇਸਾਂ ਦੇ ਨਿਪਟਾਰੇ ਨੂੰ ਰਫ਼ਤਾਰ ਮਿਲਣ ਦੀ ਉਮੀਦ ਹੈ, ਜਦੋਂ ਹਾਈ ਕੋਰਟ ਦਹਾਕਿਆਂ ਤੋਂ ਇਕੱਠੇ ਹੋਏ ਬੈਕਲਾਗ ਨੂੰ ਖਤਮ ਕਰਨ ਦੇ ਔਖੇ ਕੰਮ ਵਿੱਚ ਰੁੱਝੀ ਹੋਈ ਹੈ। ਇਹ ਪੇਸ਼ਕਦਮੀ ਇਸ ਵਧਦੀ ਉਮੀਦ ਦੇ ਪਿਛੋਕੜ ਵਿੱਚ ਵੀ ਆਈ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਬੈਂਚ ਵਿੱਚ ਤਰੱਕੀ ਲਈ ਵਕੀਲਾਂ ਦੇ ਨਾਮ ਭੇਜੇ ਜਾ ਸਕਦੇ ਹਨ।