ਖੰਡਰ ਦਾ ਰੂਪ ਧਾਰ ਰਹੀਆਂ ਨੇ ਟੈਲੀਫੋਨ ਐਕਸਚੇਂਜ
ਭਾਰਤ ਸੰਚਾਰ ਨਿਗਮ ਲਿਮਿਟਡ ਜੋ ਟੈਲੀਫੋਨ ਸੇਵਾਵਾਂ ਵਿੱਚ ਪ੍ਰਮੁੱਖ ਭੂਮਿਕਾ ਨਿਭਾ ਰਿਹਾ ਹੈ ਪਰ ਸਰਕਾਰ ਅਤੇ ਅਫ਼ਸਰਾਂ ਦੀ ਕਥਿਤ ਬੇਰੁਖੀ ਕਾਰਨ ਇਸ ਦੀ ਹਾਲਤ ਤਰਸਯੋਗ ਹੁੰਦੀ ਜਾ ਰਹੀ ਹੈ ਅਤੇ ਲੱਖਾਂ ਰੁਪਏ ਦੀ ਲਾਗਤ ਨਾਲ ਬਣੀਆਂ ਟੈਲੀਫੋਨ ਐਕਸਚੇਂਜਾਂ ਖੰਡਰ ਦਾ ਰੂਪ ਧਾਰਨ ਕਰ ਰਹੀਆਂ ਹਨ। ਐਕਸਚੇਂਜਾਂ ਵਿੱਚ ਲੋੜੀਂਦਾ ਸਟਾਫ ਵੀ ਨਾ ਹੋਣ ਕਾਰਨ ਲੋਕ ਦੁਖੀ ਹੋ ਕੇ ਪ੍ਰਾਈਵੇਟ ਕੰਪਨੀਆਂ ਦਾ ਸਹਾਰਾ ਲੈਣ ਲਈ ਮਜਬੂਰ ਹੋ ਰਹੇ ਹਨ। ਟੈਲੀਫੋਨ ਐਕਸਚੇਂਜ ਅਮਲੋਹ ਵੀ ਇਮਾਰਤ ਦੀ ਸਹੀ ਸੰਭਾਲ ਨਾ ਹੋਣ ਅਤੇ ਸਫ਼ਾਈ ਦੀ ਤਰਸਯੋਗ ਹਾਲਤ ਕਾਰਨ ਖੰਡਰ ਦਾ ਰੂਪ ਧਾਰਨ ਕਰ ਰਹੀ ਹੈ। ਐਕਸਚੇਜ ਦਾ ਮੁੱਖ ਦਰਵਾਜ਼ਾ ਖਰਾਬ ਹੋਣ ਕਾਰਨ ਅੰਦਰ ਆਉਣਾ-ਜਾਣਾ ਬਹੁਤ ਔਖਾ ਹੈ। ਐਕਸਚੇਂਜ ਅੰਦਰ ਵੱਡਾ-ਵੱਡਾ ਘਾਹ ਖੜਾ ਹੈ ਤੇ ਲੱਖਾਂ ਰੁਪਏ ਦੀ ਮਸ਼ੀਨਰੀ ਵੀ ਕਥਿਤ ਖਰਾਬ ਪਈ ਹੈ। ਇੱਕ ਦਰਜਾ ਚਾਰ ਮਹਿਲਾ ਕਰਮਚਾਰੀ ਵੱਲੋਂ ਹੀ ਇਸ ਦੀ ਸਾਂਭ-ਸੰਭਾਲ ਕੀਤੀ ਜਾ ਰਹੀ ਹੈ। ਬਿੱਲ ਭਰਨ ਲਈ ਜੋ ਕੈਸ਼ ਕਾਊਂਟਰ ਸੀ ਉਹ ਵੀ ਲੰਬੇ ਸਮੇਂ ਤੋਂ ਬੰਦ ਪਿਆ ਹੈ, ਜਿਸ ਕਾਰਨ ਲੋਕਾਂ ਨੂੰ ਮੰਡੀ ਗੋਬਿੰਦਗੜ੍ਹ ਦੀ ਟੈਲੀਫੋਨ ਐਕਸਚੇਂਜ ਵਿੱਚ ਜਾਣਾ ਪੈਂਦਾ ਹੈ। ਖਪਤਕਾਰ ਜਸਵੰਤ ਸਿੰਘ ਨੇ ਦੱਸਿਆ ਕਿ ਉਸ ਨੇ ਛੇ ਮਹੀਨੇ ਪਹਿਲਾਂ ਬੀਐੱਸਐੱਨਐੱਲ ਦਾ ਵਾਈਫਾਈ ਕੁਨੈਕਸ਼ਨ ਲੈਣ ਲਈ ਅਪਲਾਈ ਕੀਤਾ ਸੀ ਪਰ ਅਜੇ ਤੱਕ ਕੁਨੈਕਸ਼ਨ ਨਹੀਂ ਮਿਲਿਆ। ਪ੍ਰਾਪਤ ਸੂਚਨਾ ਅਨੁਸਾਰ ਵਿਭਾਗ ਵਾਈਫਾਈ ਦਾ ਕੰਮ ਇਕ ਪ੍ਰਾਈਵੇਟ ਠੇਕੇਦਾਰ ਨੂੰ ਦਿੱਤਾ ਹੋਇਆ ਹੈ। ਜਸਵੰਤ ਸਿੰਘ ਨੇ ਦੋਸ਼ ਲਾਇਆ ਕਿ ਪ੍ਰਾਈਵੇਟ ਠੇਕੇਦਾਰ ਵੱਲੋਂ ਪ੍ਰਾਈਵੇਟ ਕੰਪਨੀਆਂ ਦੀ ਕਥਿਤ ਮਿਲੀ-ਭੁਗਤ ਨਾਲ ਇਹ ਕੁਨੈਕਸ਼ਨ ਨਹੀਂ ਦਿੱਤੇ ਜਾ ਰਹੇ ਜਿਸ ਕਾਰਨ ਵਿਭਾਗ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ।
ਸ਼ਿਕਾਇਤ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਦਾ ਭਰੋਸਾ
ਜੂਨੀਅਰ ਟੈਲੀਕਮ ਅਫ਼ਸਰ ਮਨਦੀਪ ਸਿੰਘ ਨੇ ਦੱਸਿਆ ਕਿ ਉਸ ਅਧੀਨ ਇੱਕ ਦਰਜਨ ਦੇ ਕਰੀਬ ਐਕਸਚੇਂਜ ਅਮਲੋਹ, ਟੌਹੜਾ ਦਿੱਤੁਪੁਰ, ਬੁਗਾ, ਸਲਾਨਾ, ਰੁੜਕੀ, ਬੜੇਚਾ, ਭਾਦਸੋਂ, ਖਨਿਆਣ ਅਤੇ ਕੌਲਗੜ੍ਹ ਅਤੇ ਡੇਢ ਦਰਜਨ ਦੇ ਕਰੀਬ ਟਾਵਰ ਹਨ। ਉਨ੍ਹਾਂ ਦੱਸਿਆ ਕਿ ਸਟਾਫ ਦੀ ਘਾਟ ਕਾਰਨ ਐਕਸਚੇਂਜ ਵਿੱਚ ਕੰਮ ਪ੍ਰਭਾਵਿਤ ਹੋ ਰਿਹਾ ਹੈ। ਵਾਈਫਾਈ ਦੇ ਕਨੈਕਸ਼ਨ ਨਾ ਮਿਲਣ ਸਬੰਧੀ ਉਨ੍ਹਾਂ ਮੰਨਿਆ ਕਿ ਇਹ ਕੰਮ ਪ੍ਰਾਈਵੇਟ ਠੇਕੇਦਾਰ ਪਾਸ ਹੈ ਅਤੇ ਸ਼ਿਕਾਇਤਾਂ ਸਬੰਧੀ ਉੱਚ ਅਧਿਕਾਰੀਆਂ ਨੂੰ ਦੱਸਿਆ ਜਾਵੇਗਾ।