ਮਸਲੇ ਹੱਲ ਕਰਵਾਉਣ ਲਈ ਜਨਤਾ ਦਰਬਾਰ ’ਚ ਪੁੱਜਣਗੇ ਅਧਿਆਪਕ
ਪ੍ਰਸ਼ਾਸਨ ਨੂੰ ਇਕ ਹਫਤੇ ਦਾ ਅਲਟੀਮੇਟਮ
Advertisement
ਚੰਡੀਗੜ੍ਹ ਅਧਿਆਪਕ ਫੈਡਰੇਸ਼ਨ ਨੇ ਪ੍ਰਸ਼ਾਸਨ ਤੇ ਸਿੱਖਿਆ ਵਿਭਾਗ ’ਤੇ ਅਧਿਆਪਕਾਂ ਦੇ ਮਾਮਲੇ ਅਣਗੌਲੇ ਕਰਨ ਦਾ ਦੋਸ਼ ਲਾਇਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਡਾ. ਰਮੇਸ਼ ਚੰਦਰ ਸ਼ਰਮਾ, ਚੇਅਰਮੈਨ ਗਗਨ ਸਿੰਘ ਸ਼ੇਖਾਵਤ, ਕਾਨੂੰਨੀ ਸਲਾਹਕਾਰ ਅਰਵਿੰਦ ਰਾਣਾ ਆਦਿ ਨੇ ਐਲਾਨ ਕੀਤਾ ਹੈ ਕਿ ਜੇਕਰ ਇੱਕ ਹਫ਼ਤੇ ਦੇ ਅੰਦਰ ਪ੍ਰਸ਼ਾਸਨ ਉਨ੍ਹਾਂ ਦੁਆਰਾ ਦਿੱਤੀਆਂ ਗਈਆਂ ਮੰਗਾਂ ਵੱਲ ਧਿਆਨ ਨਹੀਂ ਦਿੰਦਾ ਤਾਂ ਉਹ ਅਗਲੇ ਹਫ਼ਤੇ ਪ੍ਰਸ਼ਾਸਕ ਦੇ ਜਨਤਾ ਦਰਬਾਰ ਵਿੱਚ ਸੈਕਟਰ 9 ਪਹੁੰਚਣਗੇ। ਅਧਿਆਪਕ ਆਗੂਆਂ ਨੇ ਕਿਹਾ ਕਿ ਉਹ 7 ਜੁਲਾਈ ਨੂੰ ਰਾਜ ਭਵਨ ਵਿੱਚ ਪ੍ਰਸ਼ਾਸਕ ਨੂੰ ਮਿਲੇ ਸਨ ਅਤੇ ਨੌਂ ਨੁਕਾਤੀ ਮੰਗ ਪੱਤਰ ਸੌਂਪਿਆ ਸੀ ਜਿਨ੍ਹਾਂ ਕਈ ਮੰਗਾਂ 'ਤੇ ਸਹਿਮਤੀ ਵੀ ਜਤਾਈ ਸੀ ਪਰ ਇੱਕ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਕਿਸੇ ਵੀ ਮੰਗ ਬਾਰੇ ਸੂਚਿਤ ਨਹੀਂ ਕੀਤਾ ਹੈ ਜਿਸ ਕਾਰਨ ਅਧਿਆਪਕ ਨਿਰਾਸ਼ ਹਨ। ਉਹ ਇਨ੍ਹਾਂ ਮੰਗਾਂ ਨੂੰ ਲੈ ਕੇ ਪਿਛਲੇ ਮਹੀਨੇ ਤੋਂ ਦਫ਼ਤਰਾਂ ਦੇ ਦੌਰੇ ਕਰ ਰਹੇ ਹਨ ਪਰ ਪ੍ਰਸ਼ਾਸਨ ਇਨ੍ਹਾਂ ਮੰਗਾਂ ਵੱਲ ਧਿਆਨ ਨਹੀਂ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ 1500 ਅਧਿਆਪਕਾਂ ਦੀ ਅਗਵਾਈ ਕਰਦੇ ਹਨ। ਜੇਕਰ ਇੱਕ ਹਫ਼ਤੇ ਅੰਦਰ ਮੰਗਾਂ ਬਾਰੇ ਸੂਚਿਤ ਨਹੀਂ ਕੀਤਾ ਗਿਆ ਤਾਂ ਉਹ ਅਗਲੇ ਬੁੱਧਵਾਰ ਨੂੰ ਪ੍ਰਸ਼ਾਸਕ ਦੇ ਦਰਬਾਰ ਪੁੱਜਣਗੇ।
Advertisement
Advertisement