ਅਧਿਆਪਕ ਯੂਨੀਅਨ ਨੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ
ਪਿਛਲੇ ਪੰਜ ਦਿਨਾਂ ਤੋਂ ਮੁਹਾਲੀ ਦੇ ਫੇਜ਼ ਅੱਠ ਵਿੱਚ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਵਿਦਿਆ ਭਵਨ ਦੇ ਗੇਟ ’ਤੇ ਧਰਨਾ ਲਾਈ ਬੈਠੇ 3704 ਅਧਿਆਪਕ ਯੂਨੀਅਨ ਨੇ ਅੱਜ ਅਧਿਆਪਕ ਦਿਵਸ ਨੂੰ ਕਾਲੇ ਦਿਵਸ ਵਜੋਂ ਮਨਾਇਆ। ਇਸ ਮੌਕੇ ਅਧਿਆਪਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ। ਉਨ੍ਹਾਂ ਪੰਜਾਬ ਸਰਕਾਰ, ਸਿੱਖਿਆ ਵਿਭਾਗ ਅਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਐਲਾਨ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਛੇਵੇਂ ਤਨਖ਼ਾਹ ਕਮਿਸ਼ਨ ਅਨੁਸਾਰ ਤਨਖ਼ਾਹਾਂ ਫ਼ਿਕਸ ਕਰਕੇ ਜਾਰੀ ਨਹੀਂ ਕੀਤੀਆਂ ਜਾਂਦੀਆਂ,ਉਦੋਂ ਤੱਕ ਧਰਨਾ ਜਾਰੀ ਰਹੇਗਾ। ਸੂਬਾ ਪ੍ਰਧਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ 3704 ਅਧਿਆਪਕਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਪੇਅ ਸਕੇਲ ਹਾਸਿਲ ਕਰਨ ਲਈ ਕਾਨੂੰਨੀ ਲੜਾਈ ਲੜ ਕੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਵੀ ਸਿੱਖਿਆ ਵਿਭਾਗ ਪੰਜਾਬ ਪੇਅ ਸਕੇਲ ਜ਼ਮੀਨੀ ਰੂਪ ਵਿੱਚ ਲਾਗੂ ਨਹੀਂ ਕਰ ਰਿਹਾ। ਉਨ੍ਹਾਂ ਦੱਸਿਆ ਕਿ ਕਿ ਕਾਨੂੰਨੀ ਤੌਰ ’ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਲਗਪੱਗ 20 ਜ਼ਿਲ੍ਹਿਆਂ ਵਿੱਚ 70 ਫ਼ੀਸਦੀ ਤੋਂ ਵੱਧ ਅਧਿਆਪਕਾਂ ਦੀ ਤਨਖਾਹ ਪੰਜਾਬ ਦੇ ਚੱਲ ਰਹੇ ਛੇਵੇਂ ਪੇਅ ਸਕੇਲ ਅਧੀਨ ਪਿਛਲੇ ਦੋ ਮਹੀਨਿਆਂ ਤੋਂ ਜਾਰੀ ਹੋ ਰਹੀ ਹੈ। ਪ੍ਰੰਤੂ ਕੁਝ ਜ਼ਿਲ੍ਹਿਆਂ ਦੇ ਸਕੂਲ ਮੁਖੀਆਂ ਨੇ ਗਲਤ ਪੇਅ ਫਿਕਸੇਸ਼ਨ ਕੀਤੀਆਂ ਹਨ ਤੇ ਤਨਖਾਹਾਂ ਵੀ ਜਾਰੀ ਨਹੀਂ ਕੀਤੀਆਂ। ਇਸ ਮੌਕੇ ਆਗੂ ਜੀਵਨਜੋਤ ਸਿੰਘ ਮਾਨਸਾ, ਜਸਵਿੰਦਰ ਸਿੰਘ ਸਾਹਪੁਰ, ਦਵਿੰਦਰ ਕੁਮਾਰ ਸੰਗਰੂਰ ਅਤੇ ਯਾਦਵਿੰਦਰ ਸਿੰਘ ਮੋਗਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਗਾਤਾਰ ਸਿੱਖਿਆ ਵਿਭਾਗ ਨਾਲ ਮੀਟਿੰਗਾਂ ਕਰਨ ਤੋਂ ਬਾਅਦ ਪੱਕਾ ਮੋਰਚਾ ਲਗਾਉਣ ਦਾ ਕਦਮ ਚੁੱਕਿਆ ਗਿਆ ਹੈ। ਇਹ ਮੋਰਚਾ ਬਣਦੇ ਲਾਭ ਸਾਰੇ 3704 ਅਧਿਆਪਕਾਂ ਨੂੰ ਜਾਰੀ ਹੋਣ ਤੱਕ ਜਾਰੀ ਰਹੇਗਾ ਅਤੇ ਜੇ ਇਸ ਤਰ੍ਹਾਂ ਹੀ ਵਿਭਾਗ ਟਾਲਮਟੋਲ ਕਰਦਾ ਰਿਹਾ ਤਾਂ ਇਸ ਦੇ ਗੰਭੀਰ ਨਤੀਜੇ ਨਿਕਲਣਗੇ ਅਤੇ ਸੰਘਰਸ਼ ਤਿੱਖਾ ਕੀਤਾ ਜਾਵੇਗਾ।