ਅਧਿਆਪਕਾਂ ਨੂੰ ਬਦਲੀ ਦਾ ਮੌਕਾ ਦਿੱਤਾ ਜਾਵੇ: ਜੀਟੀਯੂ
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਗੁਰਬਿੰਦਰ ਸਸਕੌਰ, ਵਿੱਤ ਸਕੱਤਰ ਅਮਨਦੀਪ ਸ਼ਰਮਾ, ਪ੍ਰੈੱਸ ਸਕੱਤਰ ਕਰਨੈਲ ਫਿਲੌਰ ਅਤੇ ਧਰਮਿੰਦਰ ਸਿੰਘ ਭੰਗੂ ਨੇ ਸਿੱਖਿਆ ਵਿਭਾਗ ਦੀਆਂ ਬਦਲੀਆਂ ਪਿੱਛੇ ਹੋ ਰਹੀ ਦੇਰੀ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੀ ਬਦਲੀ ਨੀਤੀ ਅਨੁਸਾਰ ਸਕੂਲ ਖੋਲ੍ਹਣ, ਸਕੂਲਾਂ/ਸੈਕਸ਼ਨਾਂ ਨੂੰ ਅਪਗ੍ਰੇਡ ਕਰਨ, ਨਵੇਂ ਵਿਸ਼ੇ/ਸਟ੍ਰੀਮਾਂ ਨੂੰ ਜੋੜਨ ਅਤੇ ਅਧਿਆਪਨ ਅਸਾਮੀਆਂ ਦੀ ਮੁੜ ਵੰਡ/ਤਰਕਸ਼ੀਲਤਾ ਬਾਰੇ ਫੈਸਲਾ ਹਰ ਸਾਲ 1 ਦਸੰਬਰ ਤੋਂ 31 ਦਸੰਬਰ ਤੱਕ ਕੀਤਾ ਜਾਵੇਗਾ। ਤਬਾਦਲੇ ਦੇ ਹੁਕਮ ਹਰ ਸਾਲ ਮਾਰਚ ਦੇ ਦੂਜੇ ਹਫ਼ਤੇ ਜਾਰੀ ਕੀਤੇ ਜਾਣਗੇ ਤੇ ਜੁਆਇਨਿੰਗ ਅਪਰੈਲ ਦੇ ਪਹਿਲੇ ਹਫ਼ਤੇ ਵਿੱਚ ਹੋਵੇਗੀ। ਆਗੂਆਂ ਨੇ ਕਿਹਾ ਕਿ ਪਰ ਸੂਬਾ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਉਨ੍ਹਾਂ ਕਿਹਾ ਕਿ ਜੇ ਵਿੱਦਿਅਕ ਸੈਸ਼ਨ ਦੇ ਸ਼ੁਰੂ ਬੱਚਿਆਂ ਨੂੰ ਅਧਿਆਪਕ ਮਿਲ ਜਾਵੇ ਤਾਂ ਉਹ ਵਿਦਿਆਰਥੀਆਂ ਨਾਲ ਇਕਮਿੱਕ ਹੋ ਜਾਂਦਾ ਹੈ। ਆਗੂਆਂ ਨੇ ਮੰਗ ਕੀਤੀ ਕਿ ਬਦਲੀ ਪੋਰਟਲ ਜਲਦ ਖੋਲ੍ਹਿਆ ਜਾਵੇ।
ਇਸ ਮੌਕੇ ਕੁਲਵੀਰ ਸਿੰਘ ਕੰਧੋਲਾ , ਅਵਨੀਤ ਚੱਢਾ, ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ ਹੀਰਾ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਆਦਿ ਹਾਜ਼ਰ ਸਨ।