ਮਸਲੇ ਹੱਲ ਨਾ ਹੋਣ ’ਤੇ ਅਧਿਆਪਕਾਂ ਵੱਲੋਂ ਮੁਜ਼ਾਹਰਾ
ਇੱਥੋਂ ਜੀ ਜੀ ਡੀ ਐੱਸ ਡੀ ਕਾਲਜ ਸੈਕਟਰ-32 ਵਿੱਚ ਅਧਿਆਪਕਾਂ ਨੇ ਮਸਲੇ ਹੱਲ ਨਾ ਹੋਣ ’ਤੇ ਅੱਜ ਰੋਸ ਪ੍ਰਗਟਾਇਆ। ਅਧਿਆਪਕਾਂ ਨੇ ਕਿਹਾ ਕਿ ਪ੍ਰੋਬੇਸ਼ਨ ’ਤੇ ਕੰਮ ਕਰ ਰਹੇ ਅਧਿਆਪਕਾਂ ਨੂੰ ਪੂਰੀ ਤਨਖਾਹ ਨਹੀਂ ਦਿੱਤੀ ਜਾ ਰਹੀ ਤੇ ਨਿਯਮਾਂ ਅਨੁਸਾਰ ਅਧਿਆਪਕਾਂ ਨੂੰ ਲਾਭ ਨਹੀਂ ਦਿੱਤੇ ਜਾ ਰਹੇ ਤੇ ਤਰੱਕੀ ਦੇ ਮਾਮਲਿਆਂ ਨੂੰ ਲਟਕਾਇਆ ਜਾ ਰਿਹਾ ਹੈ।
ਪੰਜਾਬ ਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੀ ਚੰਡੀਗੜ੍ਹ ਇਕਾਈ ਦੀ ਸਕੱਤਰ ਗਗਨਦੀਪ ਕੌਰ ਨੇ ਦੱਸਿਆ ਕਿ ਸਾਲ 2018 ਵਿੱਚ ਮਨਜ਼ੂਰ ਹੋਈਆਂ ਮੰਗਾਂ ਤਹਿਤ ਤਰੱਕੀ ਨਹੀਂ ਦਿੱਤੀ ਜਾ ਰਹੀ। ਉਹ ਕਈ ਵਾਰ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਹਰ ਵਾਰ ਉਨ੍ਹਾਂ ਨੂੰ ਲਾਰੇ ਲਾਏ ਜਾ ਰਹੇ ਹਨ। ਉਨ੍ਹਾਂ ਨੂੰ ਮਹਿੰਗਾਈ ਭੱਤੇ ਲੈਣ ਲਈ ਵੀ ਦਰ ਦਰ ਭਟਕਣਾ ਪੈ ਰਿਹਾ ਹੈ। ਇਸ ਮੌਕੇ ਕਾਲਜ ਦੇ ਅਧਿਆਪਕਾਂ ਨੇ ਕਿਹਾ ਕਿ ਜੇ ਉਨ੍ਹਾਂ ਦੇ ਮਸਲੇ ਹੱਲ ਨਾ ਕੀਤੇ ਗਏ ਤਾਂ ਉਹ ਸੰਘਰਸ਼ ਤੇਜ਼ ਕਰਨਗੇ। ਯੂਨੀਅਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਸੀਏਐੱਸ ਪਦ-ਉੱਨਤੀ ਵਿੱਚ ਦੇਰੀ ਅਤੇ ਸੇਵਾ ਸ਼ਰਤਾਂ ਦੀਆਂ ਉਲੰਘਣਾਵਾਂ ਦੇ ਮਾਮਲੇ ਹਾਲੇ ਤੱਕ ਹੱਲ ਨਹੀਂ ਹੋਏ।
ਐੱਮਸੀਐੱਮ ਕਾਲਜ ਵਿੱਚ ਹੋਵੇਗੀ ਜੁਡੀਸ਼ਲ ਪ੍ਰੀਖ਼ਿਆ; ਪਾਬੰਦੀਆਂ ਲਾਈਆਂ
ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਜੁਡੀਸ਼ਲ ਸਰਵਿਸ ਦੀ ਪ੍ਰੀਖ਼ਿਆ ਐਮ ਸੀ ਐਮ ਡੀ ਏ ਵੀ ਕਾਲਜ ਫਾਰ ਵਿਮੈਨ ਸੈਕਟਰ 36 ਵਿੱਚ 19 ਤੋਂ 21 ਸਤੰਬਰ ਤੱਕ ਹੋਵੇਗੀ ਜਿਸ ਲਈ ਜ਼ਿਲ੍ਹਾ ਮੈਜਿਸਟਰੇਟ ਨਿਸ਼ਾਂਤ ਕੁਮਾਰ ਯਾਦਵ ਵੱਲੋਂ ਕਾਲਜ ਦੇ ਬਾਹਰ ਸੌ ਮੀਟਰ ਖੇਤਰ ਵਿੱਚ ਚਾਰ ਜਾਂ ਉਸ ਤੋਂ ਵੱਧ ਜਣੇ ਇਕੱਠੇ ਹੋਣ ’ਤੇ ਪਾਬੰਦੀ ਲਾ ਦਿੱਤੀ ਹੈ। ਇਸ ਦੌਰਾਨ ਹਥਿਆਰ, ਪੋਸਟਰ ਆਦਿ ਲਿਜਾਣ ਵਿਚ ਵੀ ਮਨਾਹੀ ਹੋਵੇਗੀ। ਇਸ ਦੌਰਾਨ ਕਾਲਜ ਦੇ ਦੋ ਸੌ ਮੀਟਰ ਖੇਤਰ ਵਿਚ ਪੈਂਦੀਆਂ ਫੋਟੋ ਸਟੇਟ ਮਸ਼ੀਨ ਦੀਆਂ ਦੁਕਾਨਾਂ, ਕੋਚਿੰਗ ਸੈਂਟਰ, ਸਾਈਬਰ ਕੈਫੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।