ਅਧਿਆਪਕ ਸਮਾਜ ਨੂੰ ਬਦਲਣ ਦੀ ਤਾਕਤ ਰੱਖਦੇ ਹਨ: ਕਟਾਰੀਆ
ਯੂਟੀ ਦੇ ਸਿੱਖਿਆ ਵਿਭਾਗ ਵਲੋਂ ਅੱਜ ਅਧਿਆਪਕ ਦਿਵਸ ’ਤੇ ਸਨਮਾਨ ਸਮਾਗਮ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਅਧਿਆਪਕ ਦੇਸ਼ ਦੇ ਨਿਰਮਾਤਾ ਹਨ ਤੇ ਦੇਸ਼ ਦਾ ਭਵਿੱਖ ਨੌਜਵਾਨੀ ਪੀੜ੍ਹੀ ਨੂੰ ਸੇਧ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਦੇਸ਼ ਦੇ ਭਵਿੱਖ ’ਚ ਅਧਿਆਪਕਾਂ ਦਾ ਵੱਡਾ ਹੱਥ ਹੈ ਕਿਉਂਕਿ ਅਧਿਆਪਕ ਸਮਾਜ ਨੂੰ ਬਦਲਣ ਦੀ ਸ਼ਕਤੀ ਰੱਖਦੇ ਹਨ। ਇਸ ਮੌਕੇ ਯੂਟੀ ਦੇ ਸਿੱਖਿਆ ਵਿਭਾਗ ਵਲੋਂ 17 ਅਧਿਆਪਕਾਂ ਨੂੰ ਸਟੇਟ ਐਵਾਰਡ ਦਿੱਤਾ ਗਿਆ ਹੈ ਇਸ ਤੋਂ ਇਲਾਵਾ 9 ਅਧਿਆਪਕਾਂ ਨੂੰ ਟੀਚਰਜ਼ ਸਟੇਟ ਕੰਮੈਂਡੇਸ਼ਨ, ਇਕ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਤੇ ਦੋ ਅਧਿਆਪਕਾਂ ਨੂੰ ਵਿਸ਼ੇਸ਼ ਮਾਨਤਾ ਐਵਾਰਡ ਦਿੱਤਾ। ਸਮਾਗਮ ਦੀ ਸ਼ੁਰੂਆਤ ਮੌਕੇ ਪੀ ਐਮ ਸ੍ਰੀ ਜੀਜੀਐਮਐਸਐਸਐਸ-18 ਦੇ ਵਿਦਿਆਰਥੀਆਂ ਵਲੋਂ ਨਾਚ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਸਿੱਖਿਆ ਸਕੱਤਰ ਪ੍ਰੇਰਨਾ ਪੁਰੀ ਨੇ ਕਿਹਾ ਕਿ ਇਸ ਸਾਲ ਸਿੱਖਿਆ ਵਿਭਾਗ ਨੇ ਇੱਕ ਨਵੀਂ ਸ਼੍ਰੇਣੀ ‘ਲਾਈਫਟਾਈਮ ਅਚੀਵਮੈਂਟ ਐਵਾਰਡ’ ਦਿੱਤਾ ਜੋ ਇਸ ਵਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਪੀਜਟੀ ਅਧਿਆਪਕਾ ਧੀਰਜਾ ਸ਼ਰਮਾ ਨੂੰ ਸਿੱਖਿਆ ਵਿੱਚ ਉਨ੍ਹਾਂ ਦੇ ਮਿਸਾਲੀ ਯੋਗਦਾਨ ਬਦਲੇ ਦਿੱਤਾ ਗਿਆ। ਇਸ ਸਮਾਗਮ ਵਿੱਚ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਆਈਏਐਸ ਅਧਿਕਾਰੀ ਮਨਦੀਪ ਬਰਾੜ ਤੇ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਸ੍ਰੀ ਕਟਾਰੀਆ ਨੇ ਉਨ੍ਹਾਂ ਡਾ. ਐਸ. ਰਾਧਾਕ੍ਰਿਸ਼ਨਨ ਅਤੇ ਡਾ. ਏਪੀਜੇ ਅਬਦੁਲ ਕਲਾਮ ਵਰਗੇ ਮਹਾਨ ਆਗੂਆਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਅਧਿਆਪਨ ਸਿਰਫ਼ ਇੱਕ ਪੇਸ਼ਾ ਨਹੀਂ ਹੈ, ਸਗੋਂ ਸਮਾਜ ਦੀ ਇੱਕ ਉੱਤਮ ਸੇਵਾ ਹੈ। ਪ੍ਰਸ਼ਾਸਕ ਨੇ ਕਿਹਾ ਕਿ ਅਧਿਆਪਕ ਖੇਡ ਮੁਕਾਬਲਿਆਂ ਵਿਚ ਵੀ ਹਿੱਸਾ ਲੈਣ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਖੇਤਰਾਂ ਵਿੱਚ ਸਿਹਤਮੰਦ ਮੁਕਾਬਲਾ ਨਾ ਸਿਰਫ਼ ਸਿੱਖਿਅਕਾਂ ਦੀ ਛੁਪੀ ਹੋਈ ਸਮਰੱਥਾ ਨੂੰ ਸਾਹਮਣੇ ਲਿਆਏਗਾ ਸਗੋਂ ਇਸ ਦੇ ਬਿਹਤਰ ਨਤੀਜੇ ਵੀ ਮਿਲਣਗੇ। ਉਨ੍ਹਾਂ ਨੇ ਹਾਲ ਹੀ ਵਿਚ ਸਿੱਖਿਆ ਦੇ ਖੇਤਰ ਵਿਚ ਚੰਡੀਗੜ੍ਹ ਦੇ ਸਿੱਖਿਆ ਵਿਭਾਗ ਦੀ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕੌਮੀ ਪੁਰਸਕਾਰ ਜੇਤੂ ਅਧਿਆਪਕਾ ਪਰਵੀਨ ਕੁਮਾਰੀ ਦਾ ਸ਼ਹਿਰ ਦਾ ਨਾਮ ਰੌਸ਼ਨ ਕਰਨ ਲਈ ਪ੍ਰਸ਼ੰਸਾ ਕੀਤੀ।