ਅਧਿਆਪਕਾਂ ਨੂੰ ਸਿੱਖਿਆ ਕ੍ਰਾਂਤੀ ਉਦਘਾਟਨਾਂ ਮੌਕੇ ਪੱਲਿਓਂ ਖਰਚੇ ਪੈਸਿਆਂ ਦੀ ਉਡੀਕ
ਕੁੱਝ ਮਹੀਨੇ ਪਹਿਲਾਂ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਹਰ ਪਿੰਡ ਦੇ ਸਕੂਲ ਵਿਚ ਉਦਘਾਟਨਾਂ ਦੀ ਮੁਹਿੰਮ ਚਲਾਈ ਗਈ ਸੀ। ਇਨ੍ਹਾਂ ਉਦਘਾਟਨੀ ਸਮਾਰੋਹਾਂ ਮੌਕੇ ਸਕੂਲੀ ਅਧਿਆਪਕਾਂ ਵੱਲੋਂ ਆਪਣੇ ਪੱਧਰ ’ਤੇ ਆਪਣੀ ਜੇਬਾਂ ਵਿਚ ਪੈਸੇ ਖਰਚ ਕੀਤੇ ਸਨ। ਸਬੰਧਿਤ ਸਕੂਲਾਂ ਵੱਲੋਂ ਇਨ੍ਹਾਂ ਖਰਚਿਆਂ ਦੇ ਬਿਲ ਜਮ੍ਹਾਂ ਕਰਾਏ ਜਾਣ ਦੇ ਬਾਵਜੂਦ ਮੁਹਾਲੀ ਜ਼ਿਲ੍ਹੇ ਵਿਚ ਬਨੂੜ ਬਲਾਕ ਦੇ ਪੂਰੇ ਸਕੂਲਾਂ ਅਤੇ ਡੇਰਾਬਸੀ ਬਲਾਕ ਦੇ ਅੱਧੇ ਕੁ ਸਕੂਲਾਂ ਨੂੰ ਹੀ ਸਿਰਫ਼ ਪੈਸੇ ਮਿਲੇ ਹਨ ਅਤੇ ਜ਼ਿਲ੍ਹੇ ਦੇ ਬਾਕੀ ਛੇ ਵਿੱਦਿਅਕ ਬਲਾਕਾਂ ਦੇ ਸਕੂਲਾਂ ਨੂੰ ਹਾਲੇ ਤੱਕ ਆਪਣੇ ਤੌਰ ਤੇ ਖਰਚੇ ਪੈਸਿਆਂ ਦੇ ਬਿਲਾਂ ਦੀ ਅਦਾਇਗੀ ਨਹੀਂ ਹੋਈ।
ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਰਵਿੰਦਰ ਸਿੰਘ ਪੱਪੀ ਸਿੱਧੂ ਅਤੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਗੋਸਲਾਂ ਨੇ ਦੱਸਿਆ ਕਿ ਸੂਬਾ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਸੂਬੇ ਵਿੱਚ ਸਿੱਖਿਆ ਕ੍ਰਾਂਤੀ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਅਤੇ ‘ਫੋਕੀ ਕ੍ਰਾਂਤੀ’ ਦੀ ਮਸ਼ਹੂਰੀ ਲਈ ਇਸ਼ਤਿਹਾਰਾਂ ’ਤੇ ਲੱਖਾਂ ਰੁਪਏ ਖਰਚੇ ਗਏ। ਉਨ੍ਹਾਂ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਪਿਛਲੇ ਸਮੇਂ ਦੌਰਾਨ ਸਕੂਲਾਂ ਵਿੱਚ ਆਪਣੇ ਮੰਤਰੀਆਂ, ਵਿਧਾਇਕਾਂ ਰਾਹੀਂ ਉਦਘਾਟਨਾਂ ਦੇ ਪੱਥਰ ਲਗਾਉਣ ਅਤੇ ਪ੍ਰੋਗਰਾਮ ਵਾਲੇ ਦਿਨ ਮੁੱਖ ਮਹਿਮਾਨ ਤੇ ਇਕੱਠੇ ਹੋਏ ਮੈਂਬਰਾਂ ਦੇ ਖਾਣ-ਪੀਣ ਦੇ ਪ੍ਰਬੰਧ ਲਈ ਜੋ ਪੈਸਾ ਖਰਚ ਹੋਇਆ, ਉਸ ਦੀ ਅਦਾਇਗੀ ਹਾਲੇ ਤੱਕ ਨਹੀਂ ਕੀਤੀ ਗਈ। ਯੂਨੀਅਨ ਆਗੂਆਂ ਨੇ ਕਿਹਾ ਕਿ ਸਮਾਰੋਹਾਂ ਮੌਕੇ ਇਸ ਸ਼ਰਤ ਉੱਤੇ ਪੈਸੇ ਖਰਚ ਕਰਾਏ ਗਏ ਸਨ ਕਿ ਇਨ੍ਹਾਂ ਸਾਰੇ ਬਿਲਾਂ ਦੀ ਅਦਾਇਗੀ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਸਕੂਲਾਂ ਲਈ ਦਸ ਹਜ਼ਾਰ ਅਤੇ ਸੈਕੰਡਰੀ ਸਕੂਲਾਂ ਲਈ ਵੀਹ ਹਜ਼ਾਰ ਪ੍ਰਤੀ ਪ੍ਰੋਗਰਾਮ ਦਾ ਖਰਚਾ ਕਰਨਾ ਨਿਸ਼ਚਿਤ ਕੀਤਾ ਗਿਆ ਸੀ। ਜੀ ਟੀ ਯੂ ਨੇ ਚਿਤਾਵਨੀ ਦਿੱਤੀ ਕਿ ਜੇਕਰ ਦਸ ਦਿਨਾਂ ਤੱਕ ਸਕੂਲਾਂ ਦੇ ਖਰਚ ਕੀਤੇ ਪੈਸੇ ਨਾ ਜਾਰੀ ਕੀਤੇ ਤਾਂ ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਮੁਹਾਲੀ ਜ਼ਿਲ੍ਹੇ ਵਿੱਚ ਉਦਘਾਟਨ ਕਰਨ ਵਾਲੇ ਸਾਰੇ ਵਿਧਾਇਕਾਂ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਪਰਸਨ ਦੇ ਦਫ਼ਤਰਾਂ ਜਾਂ ਘਰਾਂ ਅੱਗੇ ਜਾ ਕੇ ਸਿੱਖਿਆ ਕ੍ਰਾਂਤੀ ਦੀ ਪੋਲ ਖੋਲ੍ਹੀ ਜਾਵੇਗੀ।
ਸਾਰੇ ਸਕੂਲਾਂ ਦੇ ਬਿਲ ਉੱਚ ਅਧਿਕਾਰੀਆਂ ਨੂੰ ਭੇਜੇ: ਜ਼ਿਲ੍ਹਾ ਸਿੱਖਿਆ ਅਫਸਰ
ਮੁਹਾਲੀ ਦੀ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਡਾ. ਗਿੰਨੀ ਦੁੱਗਲ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਸਮੁੱਚੇ ਸਕੂਲਾਂ ਦੇ ਬਿਲ ਖਜ਼ਾਨਾ ਦਫ਼ਤਰ ਨੂੰ ਭੇਜ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਖਜ਼ਾਨਾ ਦਫ਼ਤਰ ਤੋਂ ਪਤਾ ਕਰਵਾਇਆ ਜਾਵੇਗਾ ਕਿ ਬਿਲ ਕਿਉਂ ਨਹੀਂ ਪਾਸ ਕੀਤੇ ਗਏ। ਉਨ੍ਹਾਂ ਕਿਹਾ ਕਿ ਜਲਦੀ ਹੀ ਸਾਰੇ ਬਿਲ ਪਾਸ ਕਰਵਾ ਦਿੱਤੇ ਜਾਣਗੇ।