ਟੀ ਡੀ ਆਈ ਸਿਟੀ ਵੱਲੋਂ ਗਮਾਡਾ ਦਫ਼ਤਰ ਅੱਗੇ ਮੁਜ਼ਾਹਰਾ
ਰੈਜੀਡੈਂਸ ਵੈੱਲਫੇਅਰ ਸੁਸਾਇਟੀ ਸੈਕਟਰ 110, ਟੀ ਡੀ ਆਈ ਸਿਟੀ, ਮੁਹਾਲੀ ਦੀ ਅਗਵਾਈ ਵਿਚ ਸੈਕਟਰ 110 ਦੇ ਵਸਨੀਕਾਂ ਵਲੋਂ ਆਪਣੀਆਂ ਮੰਗਾਂ ਦੇ ਹੱਲ ਲਈ ਗਮਾਡਾ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿਚ ਆਪਣੀਆਂ ਮੰਗਾਂ ਵਾਲੇ ਪੋਸਟਰ ਅਤੇ ਹੋਰਡਿੰਗ ਚੁੱਕੇ ਹੋਏ ਸਨ। ਉਨ੍ਹਾਂ ਆਪਣੀਆਂ ਮੰਗਾਂ ਦੇ ਹੱਕ ਅਤੇ ਬਿਲਡਰ ਤੇ ਗਮਾਡਾ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਸੁਸਾਇਟੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਸਰਾਓ, ਮੀਤ ਪ੍ਰਧਾਨ ਜਸਵੀਰ ਸਿੰਘ ਗੜਾਂਗ, ਜਰਨਲ ਸਕੱਤਰ ਸੰਜੈ ਵੀਰ ਨੇ ਦੱਸਿਆ ਕਿ ਰੈਜੀਡੈਂਸ ਵੈੱਲਫੇਅਰ ਸੁਸਾਇਟੀ 2019 ਤੋਂ ਬਿਲਡਰ ਅਤੇ ਗਮਾਡਾ/ਪੁੱਡਾ ਦੇ ਕੁੱਝ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਕਰਦੇ ਆ ਰਹੇ ਹਨ, ਪਰ 6 ਸਾਲਾਂ ਦੇ ਸਮੇਂ ਵਿਚ ਕਿਸੇ ਵੀ ਉੱਚ ਅਧਿਕਾਰੀ ਨੇ ਸ਼ਿਕਾਇਤਾਂ ਦੇ ਨਿਪਟਾਰੇ ਦੀ ਕੋਸ਼ਿਸ਼ ਨਹੀਂ ਕੀਤੀ।
ਉਨ੍ਹਾਂ ਕਿਹਾ ਕਿ ਕੁੱਝ ਅਧਿਕਾਰੀਆਂ ਸਦਕਾ ਪਾਰਸ਼ੀਅਲ ਕੰਪਲੀਸ਼ਨ ਨੂੰ ਰੱਦ ਕਰਨ ਦੀ ਫਾਈਲ ਸੀ ਏ ਗਮਾਡਾ ਕੋਲ ਪਹੁੰਚੀ ਸੀ ਪਰ ਫਿਰ ਇਸ ਫਾਈਲ ਦੀ ਕਾਰਵਾਈ ਨੂੰ ਲਟਕਾਉਣ ਲਈ ਬਿਲਡਰ ਨੂੰ ਨਿੱਜੀ ਸੁਣਵਾਈ ਲਈ ਬੁਲਾਇਆ ਗਿਆ ਜਦ ਕਿ ਪਿਛਲੇ ਸਮੇਂ ਵਿਚ ਇਸ ਮਸਲੇ ਸਬੰਧੀ ਵਾਰ-ਵਾਰ ਸੁਣਵਾਈ ਹੋ ਚੁੱਕੀ ਹੈ ਅਤੇ ਬਿਲਡਰ ਆਪਣਾ ਲਿਖਤੀ ਜਵਾਬ ਵੀ ਪੇਸ਼ ਕਰ ਚੁੱਕਾ ਹੈ ਪਰ ਫਿਰ ਵੀ ਅਧਿਕਾਰੀਆਂ ਵਲੋਂ ਸ਼ਿਕਾਇਤਾਂ ਨੂੰ ਲਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਏ ਐਸ ਸ਼ੇਖ਼ੋ, ਐੱਮ ਐੱਸ ਸ਼ਰਮਾ, ਹਰਮਿੰਦਰ ਸਿੰਘ ਸੋਹੀ, ਮੋਹਿਤ ਮਦਾਨ, ਅਰਵਿੰਦ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਵਸਨੀਕ ਹਾਜ਼ਰ ਸਨ।
ਗਮਾਡਾ ਦੀ ਮੁੱਖ ਪ੍ਰਸਾਸ਼ਕ ਨੇ ਕਾਰਵਾਈ ਦਾ ਭਰੋਸਾ ਦਿੱਤਾ
ਰੋਸ ਪ੍ਰਦਰਸ਼ਨ ਉਪਰੰਤ ਸੁਸਾਇਟੀ ਦਾ ਵਫ਼ਦ ਗਮਾਡਾ ਦੇ ਨਵ ਨਿਯੁਕਤ ਮੁੱਖ ਪ੍ਰਸਾਸ਼ਕ (ਸੀ ਏ) ਸਾਕਸ਼ੀ ਸਾਹਨੀ ਨੂੰ ਮਿਲਿਆ। ਆਗੂਆਂ ਨੇ ਦੱਸਿਆ ਕਿ ਸੀ ਏ ਗਮਾਡਾ ਨੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਜਲਦੀ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ। ਆਗੂਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਦਾ ਜਲਦੀ ਨਿਪਟਾਰਾ ਨਾ ਹੋਇਆ ਤਾਂ ਸੈਕਟਰ 110 ਦੇ ਸਾਰੇ ਵਸਨੀਕ ਇਕੱਠੇ ਹੋ ਕੇ ਗਮਾਡਾ ਦੇ ਦਫ਼ਤਰ ਅੱਗੇ ਧਰਨਾ ਦੇਣਗੇ।
