ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਚਕੂਲਾ ਦੇ ਪਿੰਡ ਖਟੋਲੀ ’ਚ ਟਾਂਗਰੀ ਦਾ ਪੁਲ ਟੁੱਟਿਆ

ਪੰਚਕੂਲਾ ਵਿੱਚ ਦੇਰ ਰਾਤ ਤੋਂ ਸਵੇਰ ਤੱਕ ਪਏ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਪੰਚਕੂਲਾ ਦੇ ਪਿੰਡ ਖਟੋਲੀ ਵਿੱਚ ਟਾਂਗਰੀ ਨਦੀ ਦਾ ਪੁੱਲ ਟੁੱਟ ਗਿਆ ਅਤੇ ਇਸ ਦਾ ਵੱਡਾ ਹਿੱਸਾ ਵਹਿ ਗਿਆ। ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਪੁਲ ਦੇ ਆਸ-ਪਾਸ...
ਪੰਚਕੂਲਾ ’ਚ ਬਰਵਾਲਾ ਇੰਡਸਟਰੀਅਲ ਖੇਤਰ ਨਜ਼ਦੀਕ ਕਥੌਲੀ-ਅਲੀਪੁਰ ਸੜਕ ’ਚ ਪਿਆ ਪਾੜ। -ਫੋਟੋ: ਰਵੀ ਕੁਮਾਰ
Advertisement

ਪੰਚਕੂਲਾ ਵਿੱਚ ਦੇਰ ਰਾਤ ਤੋਂ ਸਵੇਰ ਤੱਕ ਪਏ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਪੰਚਕੂਲਾ ਦੇ ਪਿੰਡ ਖਟੋਲੀ ਵਿੱਚ ਟਾਂਗਰੀ ਨਦੀ ਦਾ ਪੁੱਲ ਟੁੱਟ ਗਿਆ ਅਤੇ ਇਸ ਦਾ ਵੱਡਾ ਹਿੱਸਾ ਵਹਿ ਗਿਆ। ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਪੁਲ ਦੇ ਆਸ-ਪਾਸ ਬੈਰੀਕੇਡਿੰਗ ਕੀਤੀ ਹੈ ਅਤੇ ਟ੍ਰੈਫਿਕ ਨੂੰ ਡਾਈਵਰਟ ਕੀਤਾ ਗਿਆ ਹੈ। ਘੱਗਰ ਨਦੀ ਦਾ ਪਾਣੀ ਆਸ-ਪਾਸ ਦੇ ਪਿੰਡਾਂ ਅਤੇ ਕਲੋਨੀਆਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਕਰ ਰਿਹਾ ਹੈ। ਘੱਗਰ ਨਦੀ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ। ਪਿੰਜ਼ੋਰ ਨੇੜੇ ਕੁਸ਼ੱਲਿਆ ਨਦੀ ਦਾ ਪਾਣੀ ਵੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ। ਬਾਰ ਬਾਰ ਕੁਸ਼ੱਲਿਆ ਡੈਮ ਦੇ ਫਲੱਡ ਗੇਟ ਸਾਈਰਨ ਵਜਾ ਕੇ ਖੋਲ੍ਹੇ ਜਾ ਰਹੇ ਹਨ। ਜਿਸ ਕਾਰਨ ਸੂਰਜ ਪੁਰ ਨਾਲ ਲਗਦੀਆਂ ਕਲੋਨੀਆਂ ਨੂੰ ਹੜ੍ਹ ਦਾ ਖਤਰਾ ਬਣਿਆ ਹੋਇਆ ਹੈ। ਮੋਰਨੀ ਦੇ ਪਿੰਡ ਪਲਾਸਰਾ ਵਿੱਚ ਅੱਧੀ ਰਾਤ ਨੂੰ ਜ਼ੋਰਦਾਰ ਮੀਂਹ ਕਾਰਨ ਬੱਦਲ ਫਟ ਗਿਆ, ਜਿਸ ਨਾਲ ਪਿੰਡ ਦੀਆਂ ਨਾਲੀਆਂ ਅਤੇ ਸੜਕਾਂ ਵਿੱਚ ਨਹਿਰਾਂ ਵਾਂਗ ਪਾਣੀ ਚੱਲਿਆ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਬਰਸਾਤ ਇੰਨੀ ਜ਼ੋਰਦਾਰ ਸੀ ਕਿ ਲੱਗ ਰਿਹਾ ਸੀ ਕਿ ਅੱਜ ਉਨ੍ਹਾਂ ਦਾ ਪਿੰਡ ਇਸ ਪਾਣੀ ਵਿੱਚ ਵਹਿ ਜਾਵੇਗਾ। ਮੋਰਨੀ ਨੂੰ ਜਾਣ ਵਾਲੇ ਰਸਤੇ ’ਤੇ ਕਈ ਥਾਂਵਾਂ ਤੇ ਢਿੱਗਾਂ ਡਿੱਗਣ ਕਾਰਨ ਰਸਤਾ ਬੰਦ ਹੋ ਗਿਆ ਹੈ। ਪੰਚਕੂਲਾ ਦੇ ਪਿੰਡ ਮਾਣਕ ਟਾਬਰਾ ਦੇ ਗੁਰਦੁਆਰੇ ਵਿੱਚ ਵੀ ਬਰਸਾਤੀ ਪਾਣੀ ਆ ਗਿਆ ਹੈ। ਗੁਰਦੁਆਰੇ ਦੇ ਪ੍ਰਬੰਧਕ ਬਰਸਾਤੀ ਪਾਣੀ ਨੂੰ ਰੋਕਣ ਲਈ ਜੁਟੇ ਹੋਏ ਹਨ। ਇਹ ਜਾਣਕਾਰੀ ਮਾਣਕ ਗੁਰਦੁਆਰਾ ਦੇ ਮੈਨੇਜਰ ਬਲਜਿੰਦਰ ਸਿੰਘ ਜਟਾਣਾ ਨੇ ਦਿੱਤੀ ਹੈ। ਪੰਚਕੂਲਾ ਦੀ ਡੀਸੀ ਮੋਨੀਕਾ ਗੁਪਤਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਦੀਆਂ ਕਿਨਾਰੇ ਨਾ ਜਾਣ ਅਤੇ ਜਿਨ੍ਹਾਂ ਦਾ ਸਮਾਨ ਨਦੀਆਂ ਕਿਨਾਰੇ ਹੈ ਉਹ ਆਪਣੇ ਸਾਮਾਨ ਨੂੰ ਲੈ ਕੇ ਸੁਰੱਖਿਅਤ ਜਗ੍ਹਾਂ ਤੇ ਚਲੇ ਜਾਣ। ਮੌਸਮ ਵਿਭਾਗ ਨੇ ਪੰਚਕੂਲਾ ਵਿੱਚ ਬਰਸਾਤ ਨੂੰ ਲੈ ਕੇ ਹਾਈ ਅਲਰਟ ਦਰਜ ਕੀਤਾ ਹੈ।

Advertisement
Advertisement
Show comments